Tuesday, June 29, 2010

ਡੰਡੀਆਂ-ਪਗਡੰਡੀਆਂ / ਦਰਸ਼ਨ ਦਰਵੇਸ਼



ਰਚਨਾ ਨਾਲ ਧੱਕਾ ਜਾਂ ਬਲਾਤਕਾਰ ਨਾ ਕਰੋ! ਇਸ ਦੀ, ਕੁਦਰਤੀ ਰੂਪ ਵਿਚ, ਸਹਿਜ ਆਮਦ ਦਾ ਇੰਤਜ਼ਾਰ ਕਰਨਾ ਬਹੁਤ ਜ਼ਰੂਰੀ ਹੈ - ਰਵਿੰਦਰ ਰਵੀ


ਦਰਸ਼ਨ ਦਰਵੇਸ਼-ਸਭ ਤੋਂ ਪਹਿਲਾਂ ਇਹ ਦੱਸੋ ਕਿ ਸਾਹਿਤ ਨਾਲ ਤੁਹਾਡੀ ਸਭ ਤੋਂ ਪਹਿਲੀ ਯਾਰੀ ਕਦੋਂ. ਪਈ ਸੀ ?
ਰਵਿੰਦਰ ਰਵੀ-ਬਚਪਨ ਵਿਚ ਮਾਂ ਕੋਲੋਂ ਲੋਕ-ਗੀਤਾਂ ਦੇ ਬੋਲ ਸੁਣਦਿਆਂ! ਮਾਂ ਮੇਰੀ, ਜੀ, ਵੱਸਕੇ, ਗੀਤ ਦੇ ਬੋਲਾਂ ਵਿਚ ਭਿੱਜਕੇ ਬਹੁਤ ਸੁਹਣਾ ਗਾਉਂਦੀ ਸੀ!ਸਿਆਲਕੋਟੀ ਮਾਹੀਆ, ਛੱਲਾ ਤੇ ਟੱਪੇ, 95 ਸਾਲਾਂ ਦੀ ਉਮਰ ਦੀ ਹੋ ਕੇ ਵੀ, ਉਹ ਅੱਜ ਗਾ ਲੈਂਦੀ ਹੈ! ਉਸਨੂੰ ਲੋਕ-ਨਾਚ ਦੀ ਵੀ ਸੁਹਣੀ ਜਾਚ ਤੇ ਸੂਝ ਹੈ! ਉਸ ਦੀ ਕਮਜ਼ੋਰ ਹੋ ਰਹੀ ਯਾਦ-ਸ਼ਕਤੀ ਵਿਚ ਲੋਕ ਗੀਤ ਇਕ ਸਹਿਜ ਪਛਾਣ ਵਾਂਗ ਟਿਕੇ ਪਏ ਹਨ!

ਦਰਸ਼ਨ ਦਰਵੇਸ਼
-ਜਦੋਂ ਤੁਸੀਂ ਪਹਿਲੀ ਵਾਰ ਕੋਈ ਵੀ ਸਾਹਿਤਕ ਰਚਨਾਂ ਪੜ੍ਹੀ ਤਾਂ ਉਸ ਰਚਨਾਂ ਅਤੇ ਉਸਦੇ ਲੇਖਕ ਬਾਰੇ ਕਿਹੋ ਜਿਹੇ ਵਿਚਾਰ ਮਨ ਵਿੱਚ ਆਏ ਸੀ ?
ਰਵਿੰਦਰ ਰਵੀ-ਮੈਂ ਲਿਖਤ ਵਿੱਚੋਂ ਸਦਾ ਹੀ ਲੇਖਕ ਦੀ ਤਲਾਸ਼ ਕਰਨ ਦਾ ਯਤਨ ਕਰਦਾ ਰਿਹਾ ਹਾਂ! ਸ਼ਾਡੇ ਬਹੁ-ਗਿਣਤੀ ਪੰਜਾਬੀ ਲੇਖਕ ਆਪਣੀਆਂ ਲਿਖਤਾਂ ਵਿਚ ਨਹੀਂ, ਸਗੋਂ ਚੋਰੀ ਬਿਤਾਏ ਪਲਾਂ ਵਿਚ ਜਿਊਂਦੇ ਹਨ! ਇਸੇ ਲਈ ਇਨ੍ਹਾਂ ਵਿਚ ਨਿੱਜੀ ਅਨੁਭਵ ਵਿੱਚੋਂ ਉਤਪੰਨ ਹੋਈ ਵਿਲੱਖਣਤਾ ਤੇ ਸ਼ਿੱਦਤ ਦੀ ਘਾਟ ਬਹੁਤ ਰੜਕਦੀ ਹੈ! ਕਿਸੇ ਪਰਚਾਰਵਾਦੀ ਵਿਚਾਰਧਾਰਾ ਨਾਲ ਬੱਝੇ ਇਹ, ਮਕਾਨਕੀ ਰੂਪ ਵਿਚ, ਲਿਖਤਾਂ ਦਾ ਫੈਕਟਰੀਆਂ ਵਿਚ, ਕਾਰਾਂ ਵਾਂਗ ਉਤਪਾਦਨ ਕਰਦੇ ਹਨ! ਮੇਰੀ ਪੂਰਵ-ਪਰੰਪਰਾ ਦੀ ਪ੍ਰਗਤੀਵਾਦੀ-ਰੋਮਾਂਸਵਾਦੀ ਧਾਰਾ ਦਾ ਬਹੁਤਾ ਸਾਹਿਤ, ਇਸ ਤਰ੍ਹਾਂ ਦਾ ਹੀ ਹੈ! ਇਹ ਫਰਜ਼ ਕਰ ਕੇ ਲਿਖਿਆ ਗਿਆ ਸੀ ਤੇ ਮੈਂ ਜਿਊਂਕੇ ਲਿਖਣਾ ਚਾਹੁੰਦਾ ਸਾਂ! ਇਸ ਲਈ ਪੀੜ੍ਹੀ-ਪਾੜੇ ਵਿਚ ਸ਼ਿੱਦਤ ਤੇ ਤੀਖਣਤਾ ਭਰੇ ਟਕਰਾਓ ਦਾ ਆਉਣਾ ਇਕ ਸੁਭਾਵਕ ਕਿਰਿਆ ਹੀ ਸੀ!

ਦਰਸ਼ਨ ਦਰਵੇਸ਼
-ਪਹਿਲੀ ਵਾਰ ਸਾਹਿਤ ਨਾਲ ਜੁੜਨਾਂ ਆਪਣੇਂ ਆਪ ਵਿੱਚ ਕਿਹੋ ਜਿਹਾ ਲੱਗਿਆ ਸੀ ?
ਰਵਿੰਦਰ ਰਵੀ-ਅਰੇਂਜਡ ਮੈਰੇਜ(ਜੁਗਾੜ ਵਿਆਹ) ਦੀ ਮੁਕਲਾਵੇ ਵਾਲੀ ਰਾਤ ਵਰਗਾ, ਜਦੋਂ ਸਭ ਕੁਝ ਆਪਣਾ ਹੋਣ ਦੇ ਬਾਵਜੂਦ ਵੀ ਅਣਜਾਣਿਆਂ, ਅਜਨਬੀ ਤੇ ਅਣਸਮਝਿਆ ਹੁੰਦਾ ਹੈ…. ਅਨੁਭਵਿਆ ਤੇ ਪ੍ਰਤੀਤਿਆ ਨਹੀਂ ਹੁੰਦਾ! ਘੁੰਡ ਚੁੱਕਣ ਤੋਂ ਬਾਅਦ ਹੀ ਜ਼ਿੰਦਗੀ ਤੇ ਉਸ ਦੇ ਕਰਤਾਰੀ ਕਰਮ ਅਤੇ ਹੁਸਨ ਦੇ ਸਾਖਸ਼ਾਤ ਦੀਦਾਰ ਹੁੰਦੇ ਹਨ! ਪਹਿਲੀ ਰਚਨਾਂ ਦੇ ਕੰਵਾਰੇ ਪਲਾਂ ਦਾ ਅਜੇ ਵੀ ਮੈਨੂੰ ਮੰਦ ਮੰਦ ਅਹਿਸਾਸ ਹੈ!

ਦਰਸ਼ਨ ਦਰਵੇਸ਼
-ਇਸ ਗੱਲ ਦੀ ਤੁਹਾਡੀ ਨਜ਼ਰ ਵਿੱਚ ਕੀ ਅਹਿਮੀਅਤ ਹੈ ਕਿ ਕਿਸੇ ਵੀ ਲੇਖਕ ਦਾ ਲੇਖਕ ਤੋਂ ਵੱਧ ਪਾਠਕ ਹੋਣਾਂ ਜ਼ਿਆਦਾ ਜਰੂਰੀ ਹੁੰਦਾ ਹੈ?
ਰਵਿੰਦਰ ਰਵੀ-ਇਕ ਚੰਗਾ ਪਾਠਕ ਹੀ, ਇਕ ਚੰਗਾ ਲੇਖਕ ਬਣ ਸਕਦਾ ਹੈ! ਸ਼ਬਦ ਦੀ ਰਚਨਾਂ ਦੇ ਨਾਲ ਨਾਲ ਸ਼ਬਦ ਦੇ ਇਤਿਹਾਸ ਤੇ ਦਰਸ਼ਨ ਵਿਚ ਡੂੰਘੀਆਂ ਚੁੱਭੀਆਂ ਮਾਰਨੀਆਂ ਵੀ ਬਹੁਤ ਜ਼ਰੂਰੀ ਹਨ; ਨਹੀਂ ਤਾਂ ਸਾਹਿਤ ਖੂਹ ਦੇ ਡੱਡੂ ਦੀ ਸੀਮਾਂ ਵਿਚ ਘਿਰ ਜਾਏਗਾ! ਇਸ ਗਲੋਬਲ ਯੁੱਗ ਵਿਚ ਪਾਰ-ਭਾਸ਼ੀ ਅਧਿਅਨ ਲਾਜ਼ਮੀਂ ਹੈ! ਹੁਣ ਤਾਂ ਅੰਗਰੇਜ਼ੀ ਵਿਚ, ਬਹੁਤ ਸਾਰੀਆਂ ਭਾਸ਼ਾਵਾਂ ਦੇ ਮਹਾਨ ਸਾਹਿਤ ਦਾ, ਅਨੁਵਾਦ ਵੀ ਹੋ ਚੁੱਕਾ ਹੈ! ਦਰਸ਼ਨ, ਮਨੋਵਿਗਿਆਨ ਤੇ ਗਿਆਨ-ਸਾਹਿਤ ਦੇ ਭੰਡਾਰੇ ਇੰਟਰਨੈੱਟ ਉੱਤੇ ਵੀ ਉਪਲੱਬਧ ਹਨ!
ਪਾਰ-ਭਾਸ਼ੀ ਅਧਿਅਨ ਅਜੋਕੇ ਲੇਖਕ ਦੀ ਜੀਵਨ-ਸ਼ੈਲੀ ਬਣ ਜਾਣਾ ਚਾਹੀਦਾ ਹੈ!

ਦਰਸ਼ਨ ਦਰਵੇਸ਼
-ਤੁਸੀਂ ਹੁਣ ਤੱਕ ਕਿੰਨਾਂ ਕੁ ਸਾਹਿਤ ਕਿਹੜੀ ਵਿਧਾ ਵਿੱਚ ਜ਼ਿਆਦਾ ਪੜ੍ਹਿਆ ਹੈ?
ਰਵਿੰਦਰ ਰਵੀ-ਕਵਿਤਾ, ਕਹਾਣੀ, ਨਾਟਕ, ਨਾਵਲ, ਸਫਰਨਾਮਾਂ, ਸਵੈ-ਜੀਵਨੀ…ਤੇ ਵਾਰਤਕ ਮੈਂ ਸਭ ਪੜ੍ਹਦਾ ਹਾਂ, ਕਿਉਂਕਿ ਮੈਂ ਇਕ ਬਹੁ-ਵਿਧ ਲੇਖਕ ਹਾਂ! ਅੰਗਰੇਜ਼ੀ ਬੋਲੀ ਦੇ ਮਾਧਿਅਮ ਵਿਚ ਜਿੱਥੇ ਮੈਂ ਸੰਸਾਰ ਦੀਆਂ ਬਹੁਤ ਸਾਰੀਆਂ ਬੋਲੀਆਂ ਦਾ ਸਾਹਿਤ ਪੜ੍ਹਿਆ ਹੈ, ਜਿਵੇਂ ਰੂਸੀ, ਫਰੈਂਚ, ਜਰਮਨ, ਯੂਨਾਨੀ, ਪੂਰਬੀ ਯੂਰਪਿਆਈ, ਏਸ਼ੀਅਨ, ਤੇ ਅਫਰੀਕਨ ਬੋਲੀਆਂ ਦਾ, ਉੱਥੇ ਮੈਂ ਉਰਦੂ, ਹਿੰਦੀ ਤੇ ਪੰਜਾਬੀ ਵਿਚ ਵੀ ਬਹੁਤ ਸਾਹਿਤ ਪੜ੍ਹਿਆ ਹੈ! ਕਿੱਤੇ ਵਜੋਂ ਭਾਰਤ, ਕੀਨੀਆਂ ਤੇ ਕੈਨੇਡਾ ਵਿਚ ਅੰਗਰੇਜ਼ੀ ਭਾਸ਼ਾ ਤੇ ਅੰਗਰੇਜ਼ੀ ਸਾਹਿਤ ਦਾ ਅਧਿਆਪਕ ਹੋਣ ਦੇ ਨਾਤੇ, ਮੇਰੇ ਲਈ ਇਹ ਇਕ ਜ਼ਰੂਰੀ ਚੰਗਿਆਈ(ਬੁਰਾਈ ਨਹੀਂ) ਸਿੱਧ ਹੋਇਆ ਹੈ ਤੇ ਪ੍ਰੇਰਣਾ-ਸ੍ਰੋਤ ਵੀ! ਸ਼ਾਹਿਤ ਪੜ੍ਹਨਾਂ, ਪੜ੍ਹਾਉਣਾ ਤੇ ਲਿਖਣਾਂ ਹੀ ਜਿਵੇਂ ਮੇਰੀ ਜੀਵਨ-ਸ਼ੈਲੀ ਜਾਂ ਪਹਿਚਾਣ ਬਣ ਗਿਆ ਹੋਵੇ!

ਦਰਸ਼ਨ ਦਰਵੇਸ਼
-ਉਹ ਕਿਹੜੀਆਂ ਸਾਹਿਤਕ ਕਿਰਤਾਂ ਨੇ ਜਿਹੜੀਆਂ ਕਦੇ ਵੀ ਤੁਹਾਡੇ ਮਨ-ਮਸਤਕ ਤੋਂ ਨਹੀਂ ਮਿਟ ਸਕਦੀਅਾਂ?
ਰਵਿੰਦਰ ਰਵੀ-ਬਹੁਤ ਸਾਰੀਆਂ ਹਨ! ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਉੱਤੇ ਇਨ੍ਹਾਂ ਨੇ ਆਪਣਾ ਆਪਣਾ ਰੋਲ ਅਦਾ ਕੀਤਾ ਤੇ ਜ਼ਿੰਦਗੀ ਹੱਦੋਂ ਅੱਗੇ ਦਿਸਹੱਦਿਆਂ ਪਿੱਛੇ ਭੱਜਦੀ ਨਵੀਆਂ ਉਚਾਈਆਂ ਤੇ ਗਹਿਰਾਈਆਂ ਵਲ ਵਧਦੀ ਗਈ!ਮੈਂ ਕੇਵਲ ਕੁਝ ਚੋਣਵੇਂ ਲੇਖਕਾਂ ਦੇ ਨਾਮ ਹੀ ਲਵਾਂਗਾ, ਨਹੀਂ ਤਾਂ ਇਸ ਇੰਟਰਵਿਊ ਵਿਚ ਕੇਵਲ ਲਿਖਤਾਂ ਦੇ ਨਾਮ ਹੀ ਮਸਾਂ ਖਪ ਸਕਣਗੇ! ਟਾਲਸਟਾਏ, ਗੋਰਕੀ, ਚੈਖਵ, ਦੋਸਤੋਵਸਕੀ, ਪਾਸਤਰਨਾਕ, ਸੋਲਜ਼ੇਨਿਤਸਨ, ਸਾਰਤ(ਰ), ਕਾਮੂੰ, ਕਾਫਕਾ, ਹੈਨਰੀ ਮਿਲਰ, ਸਿਮਨ ਡੀਬੁਆ, ਸ਼ੇਕਸਪੀਅਰ, ਬਰਨਾਰਡ ਸ਼ਾਅ, ਪਿੰਟਰ, ਇਬਸਨ, ਡੀ. ਐਚ ਲਾਰੈਂਸ, ਜਾਨ ਔਜ਼ਬੋਰਨ, ਵਰਡਜ਼ਵਰਥ, ਮਿਲਟਨ, ਬਰਾਊਨਿੰਗ, ਬਲੇਕ, ਯੇਟਸ, ਗਿਨਜ਼ਬਰਗ, ਕਿੰਗਜ਼ਲੇ ਏਮਸ, ਐਲੀਅਟ, ਐਜ਼ਰਾ ਪਾਊਂਡ, ਲਾਰੰਸ ਡਿਊਰੈਲ, ਬਰੈਖਤ, ਸੈਮ ਸ਼ੈਪਰਡ, ਟੈਨੇਸੀ ਵਿਲੀਅਮਜ਼, ਸਮਰਸੈਟ ਮਾਅਮ, ਪਾਸਤਰਨਾਕ, ਐਲਨ ਪੈਟਨ, ਚਿਨੂਆ ਅਚੇਬੀ, ਵੋਲੇ ਸੋਯਿਨਕਾ, ਅਗੇਯ, ਗਿਰਜਾ ਕੁਮਾਰ ਮਾਥੁਰ, ਡਾ. ਧਰਮਵੀਰ ਭਾਰਤੀ, ਬਚਨ, ਜਗਦੀਸ਼ ਚਤੁਰਵੇਦੀ, ਸਰਵੇਸ਼ਵਰ ਦਯਾਲ ਸਕਸੇਨਾ, ਕੁਮਾਰ ਵਿਕਲ, ਗਾਲਬ, ਸਆਦਤ ਹਸਨ ਮੰਟੋ, ਰਾਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ, ਮੀਰਾ ਜੀ, ਡਾ. ਵਜ਼ੀਰ ਆਗਾ, ਨ.ਮ. ਰਾਸ਼ਦ, ਸ਼ੇਖ ਫਰੀਦ, ਗੁਰੂ ਨਾਨਕ, ਦਮੋਦਰ, ਵਾਰਸ, ਹਾਸ਼ਮ, ਸ਼ਾਹ ਮੁਹੰਮਦ, ਫਜ਼ਲ ਸ਼ਾਹ, ਭਾਈ ਵੀਰ ਸਿੰਘ, ਪੂਰਨ ਸਿੰਘ, ਕਾਲੇਪਾਣੀ, ਮੋਹਨ ਸਿੰਘ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਦੇਵਿੰਦਰ ਸਤਿਆਰਥੀ, ਪ੍ਰੀਤਮ ਸਿੰਘ ਸਫੀਰ, ਡਾ. ਹਰਿਭਜਨ ਸਿੰਘ, ਤਾਰਾ ਸਿੰਘ, ਡਾ. ਜਸਵੰਤ ਸਿੰਘ ਨੇਕੀ, ਵਰਿਆਮ ਸੰਧੂ, ਅਜੀਤ ਕੌਰ, ਡਾ. ਸੁਰਜੀਤ ਸਿੰਘ ਸੇਠੀ, ਸ.ਸ.ਮੀਸ਼ਾ, ਸੁਖਪਾਲਵੀਰ ਸਿੰਘ ਹਸਰਤ, ਦਲੀਪ ਕੌਰ ਟਿਵਾਣਾ……ਕਿਸ ਕਿਸ ਦਾ ਨਾਮ ਲਵਾਂ? ਇਹ ਬਹੁਤ ਲੰਮੀਂ ਲਿਸਟ ਹੈ! ਸਾਹਿਤ ਤੋਂ ਬਿਨਾਂ ਮੈਂ ਫਲਸਫੇ, ਮਨੋਵਿਗਿਆਨ ਤੇ ਆਧੁਨਿਕ ਸਟੇਜ-ਕਰਾਫਟ ਦਾ ਵੀ ਡੂੰਘਾ ਅਧਿਅਨ ਕੀਤਾ ਹੈ!

ਦਰਸ਼ਨ ਦਰਵੇਸ਼
-ਇੱਕ ਸਾਹਿਤਕਾਰ ਦੇ ਤੌਰ ਉੱਤੇ ਅੱਜ ਤੁਸੀਂ ਆਪਣੇਂ ਆਪ ਨੂੰ ਕਿੱਥੇ ਕੁ ਖੜ੍ਹਾ ਕਰ ਕੇ ਦੇਖਦੇ ਹੋ ?
ਰਵਿੰਦਰ ਰਵੀ-“ਅਭੀ ਤੋ ਇਬਤਿਦਾੲੇ ਇਸ਼ਕ ਹੈ……..ਬਹੁਤ ਕੁਝ ਕਰ ਕੇ ਵੀ ਬਹੁਤ ਕੁਝ ਅਣਕੀਤਾ ਪਿਆ ਹੈ! ਸੰਤੁਸ਼ਟੀ ਖੜੋਤ ਦਾ ਚਿੰਨ੍ਹ ਹੈ!

“ਮੇਰੇ ਨਾਲ ਪੌਣ ਚੱਲੇ, ਪਾਣੀ ਚੱਲੇ, ਮੇਰੀ ਹੀ ਕਹਾਣੀ ਚੱਲੇ…….ਮੈਂ ਬਹੁਤ ਦੂਰ ਜਾਣਾ ਹੈ”…..
…………………………………………………
“ਕਲਾਕ ਨੇ ਹੁਣੇ, ਹੁਣੇ ਜ਼ਿੰਦਗੀ ਦੀ ਸ਼ਾਮ ਵਜਾਈ ਹੈ!
ਆਰਜ਼ੂ ਮੌਤ ਤੋਂ ਮੁਨਕਰ ਤੇ ਹੋਂਦ, ਹੋਣ ‘ਤੇ ਆਈ ਹੈ”
………………………………………….
“ਮੇਰੇ ਨਾਲ ਤੁਰੋਗੇ, ਤਾਂ ਰੁਕੋਗੇ ਨਹੀਂ……
ਸ਼ਿਕਾਰ, ਧਰਤੀ ਤੇ ਆਕਾਸ਼
ਬਾਜ਼ ਦੀ ਨਜ਼ਰ ਵਿਚ ਹੁੰਦੇ ਹਨ,
ਚੁੰਜ ਤੇ ਪੰਜਿਆਂ ਵਿਚ ਨਹੀਂ”

ਦਰਸ਼ਨ ਦਰਵੇਸ਼-ਜਦੋਂ ਕਿਸੇ ਵੀ ਨਵੀਂ ਰਚਨਾਂ ਦਾ ਤਾਣਾਂ ਬਾਣਾਂ ਤੁਹਾਡੇ ਮਨ ਅੰਦਰ ਫੁੱਟਦਾ ਹੈ, ਤਾਂ ਕਿੰਨੇ ਕੁ ਸਮੇਂ ਤੱਕ ਉਲਝਣ ਤੋਂ ਬਾਦ ਉਹ ਸਫਿਆਂ ਦੀ ਜ਼ਮੀਨ ਉੱਪਰ ਆਉਂਦਾ ਹੈ?
ਰਵਿੰਦਰ ਰਵੀ-ਕਵਿਤਾ, ਮੇਰੇ ਉੱਤੇ, ਆਪ ਹੀ ਆ ਘਟਦੀ ਹੈ ਤੇ ਸਭ ਕੁਝ ਕੰਨੋਂ ਪਕੜ ਕੇ ਲਿਖਵਾ ਲੈਂਦੀ ਹੈ! ਕਾਵਿ-ਨਾਟਕ, ਕਹਾਣੀ, ਸਫਰਨਾਮਾਂ ਤੇ ਵਾਰਤਕ ਲਿਖਣ ਲਈ ਵਧੇਰੇ ਨਿਯੰਤਰਨ ਤੇ ਅਭਿਆਸ ਦੀ ਮੰਗ ਕਰਦੇ ਹਨ! ਬਹੁਤ ਕੁਝ, ਲਿਖਕੇ, ਸੁੱਟਣਾ ਪੈਂਦਾ ਹੈ! ਕਈ ਕਈ ਵਾਰ ਲਿਖਣਾ ਪੈਂਦਾ ਹੈ! ਇਸ ਲਈ ਧੀਰਜ, ਬਾਰੀਕਬੀਨੀ, ਨਿਰੰਤਰਤਾ ਤੇ ਵਧੇਰੇ ਸਮੇਂ ਦੀ ਲੋੜ ਹੈ! ਲੇਖਕ ਨਾ ਲਿਖਕੇ ਵੀ, ਹਰ ਸਮੇਂ ਕੁਝ ਲਿਖ ਰਿਹਾ ਹੁੰਦਾ ਹੈ, ਚੁੱਪ ਦੀ ਭਾਸ਼ਾ ਵਿਚ:
“ਸ਼ੋਰ ਦੀ ਭਾਸ਼ਾ ਵਿੱਚੋਂ ਲੰਘੇ, ਚੁੱਪ ਦੀ ਭਾਸ਼ਾ ਸਹਿ ਗਏ!
ਆਪਣੇ ਜੇਡੀ ਕੱਥਦੇ ਕੱਥਦੇ, ਬ੍ਰਹਮੰਡ ਜੇਡੀ ਕਹਿ ਗਏ!”

ਆਪਣੀਂ ਕੋਈ ਵੀ ਰਚਨਾਂ ਤੁਸੀਂ ਕਿੰਨੀਆਂ ਕੁ ਬੈਠਕਾਂ ਵਿੱਚ ਪੂਰੀ ਕਰਦੇ ਹੋ ?

“ਬੀਮਾਰ ਸਦੀ” ਕਾਵਿ-ਨਾਟਕ ਦੇ ਤਿੰਨੇਂ ਦ੍ਰਿਸ਼, ਤਿੰਨ ਬੈਠਕਾਂ ਵਿਚ ਲਿਖੇ ਗਏ ਸਨ….ਮੇਰਾ ਭਾਵ ਮੈਰਾਥਾਨ ਬੈਠਕਾਂ ਵਿਚ! ਬਾਅਦ ਵਿਚ ਇਸ ਨੂੰ ਸੋਧਕੇ ਲਿਖਣ ਵਿਚ ਤਿੰਨ ਕੁ ਮਹੀਨੇ ਲੱਗ ਗਏ ਸਨ! ਕਹਾਣੀ ਜਦੋਂ ਨਾਜ਼ਲ ਹੁੰਦੀ ਹੈ, ਤਾਂ ਇਕ ਬੈਠਕ ਵਿਚ ਹੀ ਲਿਖੀ ਜਾਂਦੀ ਹੈ ਤੇ ਕਈ ਵਾਰ ਇਕ ਹੀ ਕਹਾਣੀ ਮਹੀਨੇ ਭਰ ਵਿਚ ਵੀ ਮੁਕੰਮਲ ਨਹੀਂ ਹੁੰਦੀ! ਹਰ ਰਚਨਾ ਦਾ ਆਪਣਾ ਵੱਖਰਾ ਵਜੂਦ ਤੇ ਮਿਜ਼ਾਜ ਹੁੰਦਾ ਹੈ …..ਅਤੇ ਵੱਖਰੇ ਤਕਾਜ਼ੇ ਹੁੰਦੇ ਹਨ! ਸਭ ਕੁਝ ਸਹਿਜ-ਸੁਭਾਵਕ ਹੋਣਾ ਚਾਹੀਦਾ ਹੈ! ਰਚਨਾ ਨੂੰ ਮੱਲੋ ਮੱਲੀ ਧੱਕੇ ਨਾਲ ਮੁਕੰਮਲ ਨਹੀਂ ਕਰਨਾ ਚਾਹੀਦਾ! ਇਸ ਦੇ ਸਹੀ ਜਨਮ-ਸਮੇਂ ਦੀ ਧੀਰਜ ਨਾਲ ਉਡੀਕ ਕਰਨੀ ਚਾਹੀਦੀ ਹੈ!
ਏਥੇ ਕੁਝ ਹਵਾਲੇ ਦੇਣੇ ਜ਼ਰੂਰੀ ਜਾਪਦੇ ਹਨ! ਆਪਣਾ ਪਹਿਲਾ ਕਾਵਿ-ਨਾਟਕ:“ਬੀਮਾਰ ਸਦੀ”, ਮੈਂ ਕੀਨੀਆਂ ਵਿਚ ਰਹਿੰਦਿਆਂ, 1973 ਵਿਚ ਲਿਖਿਆ ਅਤੇ 1974 ਵਿਚ ਪ੍ਰਕਾਸ਼ਤ ਕੀਤਾ ਸੀ! 1976 ਵਿਚ ਡਾ. ਸੁਰਜੀਤ ਸਿੰਘ ਸੇਠੀ ਦੇ ਨਿਰਦੇਸ਼ਨ ਹੇਠ ਇਹ ਨਾਟਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਖੇਡਿਆ ਵੀ ਗਿਆ! ਬਾਅਦ ਵਿਚ ਪ੍ਰੀਤਮ ਸਿੰਘ ਢੀਂਡਸਾ ਤੇ ਸੁਭਾਸ਼ ਪੁਰੀ ਨੇ ਇਸ ਦੇ ਕਈ ਸ਼ੋ ਕੀਤੇ! ਇਸੇ ਸਿਲਸਿਲੇ ਦੀ ਅਗਲੀ ਕੜੀ ਸੀ ਮੇਰਾ ਦੂਜਾ ਕਾਵਿ-ਨਾਟਕ: “ਦਰ ਦੀਵਾਰਾਂ”, ਜੁ ਮੈਂ ੮ ਸਾਲ ਬਾਅਦ, 1981 ਵਿਚ, ਕੈਨੇਡਾ ਰਹਿੰਦਿਆਂ ਲਿਖਿਆ ਤੇ ਪ੍ਰਕਾਸ਼ਤ ਕੀਤਾ! ਆਪਣਾ ਤੀਜਾ ਕਾਵਿ-ਨਾਟਕ: “ਅੱਧੀ ਰਾਤ ਦੁਪਹਿਰ”, ਮੈਂ 1983 ਵਿਚ ਪ੍ਰਕਾਸ਼ਤ ਕੀਤਾ! ਇਹ ਤਿੰਨੇਂ ਕਾਵਿ-ਨਾਟਕ ਮੇਰੀ ਥੀਮਕੀ ਤਿੱਕੜੀ ਜਾਂ ਤ੍ਰੈ-ਲੜੀ“ਸੂਰਜ ਨਾਟਕ” ਦੇ ਹੀ ਅੰਗ ਹਨ, ਜੁ 10 ਸਾਲਾਂ ਵਿਚ ਮੁਕੰਮਲ ਹੋਈ! ਇਹ ਤਿੰਨੇਂ ਨਾਟਕ ਮਿਲਕੇ, ਇਕ ਵਡੇਰੀ ਕੈਨਵਸ ਵਾਲੇ ਤ੍ਰੈ-ਲੜੀਏ ਮਹਾਂ ਨਾਟਕ ਦੀ ਸਿਰਜਣਾ ਕਰਦੇ ਹਨ!
ਇਸੇ ਤਰ੍ਹਾਂ ਆਪਣਾ ਨੌਵਾਂ ਕਾਵਿ-ਨਾਟਕ ਮੈਂ “ਤਿੰਨ ਨਾਟਕ” ਪੁਸਤਕ ਨਾਲ 1990 ਵਿਚ ਮੁਕੰਮਲ ਕੀਤਾ! ਪਰ ਦਸਵਾਂ ਕਾਵਿ-ਨਾਟਕ: “ਮਨ ਦੇ ਹਾਣੀ” ਲਿਖਣ ਲਈ ਮੈਨੂੰ ਪੂਰੇ 15 ਵਰ੍ਹੇ ਉਡੀਕ ਕਰਨੀ ਪਈ ਤੇ ਇੰਜ ਇਹ 2005 ਵਿਚ ਲਿਖਿਆ! ਇਸ ਤੋਂ ਉਲਟ “ਚੌਕ ਨਾਟਕ” ਅਤੇ “ਰੂਹ ਪੰਜਾਬ ਦੀ”, ਇੱਕੋ ਵਰ੍ਹੇ, 1984 ਵਿਚ, ਉੱਤੋੜਿਤੀ ਲਿਖੇ ਗਏ! ਰਚਨਾ ਨਾਲ ਧੱਕਾ ਜਾਂ ਬਲਾਤਕਾਰ ਨਾ ਕਰੋ! ਇਸ ਦੀ, ਕੁਦਰਤੀ ਰੂਪ ਵਿਚ, ਸਹਿਜ ਆਮਦ ਦਾ ਇੰਤਜ਼ਾਰ ਕਰਨਾ ਬਹੁਤ ਜ਼ਰੂਰੀ ਹੈ!

ਦਰਸ਼ਨ ਦਰਵੇਸ਼-ਕਿਸੇ ਵੀ ਰਚਨਾਂ ਦੀ ਸ਼ੁਰੂਆਤ ਅਤੇ ਅੰਤ ਕਰਨ ਲੱਗਿਆਂ ਤੁਸੀਂ ਉਸਦੀ ਸ਼ੁਰੂਆਤ ਅਤੇ ਅੰਤ ਦਾ ਫੈਸਲਾ ਕਿਵੇਂ ਕਰਦੇ ਹੋ ?
ਰਵਿੰਦਰ ਰਵੀ-ਕੁਝ ਵੀ ਪੂਰਵ-ਨਿਸ਼ਚਤ ਨਹੀਂ ਹੁੰਦਾ! ਕਿਸੇ ਦਾ ਆਦਿ ਪਹਿਲਾਂ ਲਿਖਿਆ ਜਾਂਦਾ ਹੈ ਤੇ ਕਿਸੇ ਦਾ ਅੰਤ! “ਬੀਮਾਰ ਸਦੀ” ਦੀ “ਮੱਧਿਕਾ” ਦੋਹਾਂ ਐਕਟਾਂ/ਦ੍ਰਿਸ਼ਾਂ ਤੋਂ ਬਾਅਦ ਵਿਚ, ਗਰਾਜ ਵਿਚ ਕਾਰ ਦੀ ਸਰਵਿਸ ਕਰਵਾਉਂਦਿਆਂ ਲਿਖੀ ਗਈ ਸੀ! ਕਾਵਿ-ਨਾਟਕ “ਮਨ ਦੇ ਹਾਣੀ” ਦਾ ਅੰਤ ਤਿੰਨ ਕੁ ਦ੍ਰਿਸ਼ ਲਿਖਣ ਤੋਂ ਬਾਅਦ ਲਿਖਿਆ ਗਿਆ ਸੀ! ਸ਼ਾਰੀ ਰਚਨਾ, ਰਚਨਹਾਰੇ ਦੇ ਅਵਚੇਤਨ ਵਿਚ ਪਈ ਹੁੰਦੀ ਹੈ! ਕਿਹੜਾ ਹਿੱਸਾ ਕਦੋਂ ਪੱਕ ਕੇ ਬਾਹਰ ਆਉਂਦਾ ਹੈ? ਇਸਦਾ ਲੇਖਕ ਨੂੰ ਵੀ ਕਈ ਵਾਰ ਅਨੁਮਾਨ ਨਹੀਂ ਹੁੰਦਾ!

ਦਰਸ਼ਨ ਦਰਵੇਸ਼
-ਕੋਈ ਵੀ ਰਚਨਾਂ ਲਿਖੇ ਜਾਣ ਅਤੇ ਬਾਰ ਬਾਰ ਸੋਧੇ ਜਾਣ ਤੋਂ ਬਾਦ ਕਿੰਨੇ ਕੁ ਸਮੇਂ ਅੰਦਰ ਪਾਠਕਾਂ ਦੇ ਦਰਬਾਰ ਲਈ ਵਿਦਾ ਹੋ ਜਾਂਦੀ ਹੈ ?
ਰਵਿੰਦਰ ਰਵੀ-ਕਈ ਵਾਰੀਂ ਪੂਰੀ ਹੋ ਕੇ ਵੀ ਰਚਨਾ ਪੂਰੀ ਨਹੀਂ ਹੁੰਦੀ……ਉਸ ਨੂੰ ਬਾਰ ਬਾਰ ਲਿਖਣਾ ਪੈਂਦਾ ਹੈ….ਤੇ ਅਧੂਰੀ ਨੂੰ ਹੀ ਇਕ ਪਾਸੇ ਰੱਖਕੇ, ਵਸਤੂ-ਦ੍ਰਿਸ਼ਟੀ ਨਾਲ, ਉਸਨੂੰ ਵਿੱਥ ਤੋਂ ਵੇਖਣਾ, ਪਰਖਣਾ, ਘੋਖਣਾ ਹੁੰਦਾ ਹੈ! ਇਸਨੂੰ ਮੁਕੰਮਲ ਕਰਨ ਦਾ ਕੋਈ ਨਿਸ਼ਚਤ ਫਾਰਮੂਲਾ ਨਹੀਂ ਹੁੰਦਾ! ਰਚਨਾ ਨਾਲ ਜ਼ਬਰਦਸਤੀ ਨਾ ਕਰੋ! ਲੈੱਟ ਇਟ ਟੇਕ ਇਟਸ ਟਾਈਮ! ਕੁਝ ਰਚਨਾਵਾਂ ਸਿਰ ਚੜ੍ਹ ਬੋਲਦੀਆਂ ਹਨ ਤੇ ਹੱਥ ਫੜ ਲਿਖਵਾ ਲੈਂਦੀਆਂ ਹਨ! ਸੋਧ ਸੁਧਾਈ ਦੀ ਲੋੜ ਹੀ ਨਹੀਂ ਪੈਂਦੀ!

ਦਰਸ਼ਨ ਦਰਵੇਸ਼
-ਇੱਕੋ ਸਮੇਂ ਕਿੰਨੀਆਂ ਲਿਖਤਾਂ ਉੱਪਰ ਕੰਮ ਕਰਦੇ ਹੋ ?
ਰਵਿੰਦਰ ਰਵੀ-ਇੱਕੋ ਸਮੇਂ ਦਿਮਾਗ ਵਿਚ ਕਈ ਕੁਝ ਚੱਲ ਰਿਹਾ ਹੁੰਦਾ ਹੈ, ਕਈ ਵਾਰ, ਇਕ ਰੁੱਖ ਉੱਤੇ ਲੱਗੇ ਅੰਬਾਂ ਵਾਂਗ!ਟਪਕੇ ਦਾ ਕੁਦਰਤੀ ਰੂਪ ਵਿਚ ਪੱਕਿਆ ਫਲ ਖਾਣਾਂ ਹੈ, ਤਾਂ ਇੰਤਜ਼ਾਰ ਜ਼ਰੂਰੀ ਹੈ!

ਦਰਸ਼ਨ ਦਰਵੇਸ਼
-ਜਦੋਂ ਤੱਕ ਰਚਨਾਂ ਪਾਠਕਾਂ ਦੀ ਨਹੀਂ ਹੋ ਜਾਂਦੀ, ਉਸ ਬਾਰੇ ਲਏ ਆਖਰੀ ਫੈਸਲਿਆਂ ਵਿੱਚ ਕਿੰਨੀ ਕੁ ਵਾਰ ਤਬਦੀਲ਼ੀਆਂ ਕਰਦੇ ਹੋ ?
ਰਵਿੰਦਰ ਰਵੀ-ਜਦੋਂ ਤਕ ਸੰਤੁਸ਼ਟੀ ਨਹੀਂ ਹੋ ਜਾਂਦੀ! ਕਈ ਵਾਰ ਤਬਦੀਲੀ ਪਰੂਫ ਪੜ੍ਹਦਿਆਂ ਵੀ ਕੀਤੀ ਜਾਂਦੀ ਹੈ!
ਇਕ, ਦੋ ਰਚਨਾਵਾਂ ਦੇ ਦੂਜੇ ਐਡੀਸ਼ਨ ਵਿਚ ਵੀ ਤਬਦੀਲੀ ਕੀਤੀ ਸੀ… ਹੇਠਾਂ ਪਹਿਲੇ ਐਡੀਸ਼ਨ ਦਾ ਫੁਟ ਨੋਟ ਰਾਹੀਂ ਹਵਾਲਾ ਦੇ ਕੇ! ਬਹੁਤੀਆਂ ਰਚਨਾਵਾਂ, ਇਕ ਸੰਪੂਰਨ(ਪਰਫੈਕਟ) ਰਚਨਾਂ ਤਕ ਪਹੁੰਚਣ ਦਾ,
ਅਭਿਆਸ ਮਾਤਰ ਹੀ ਹੁੰਦੀਆਂ ਹਨ!

ਦਰਸ਼ਨ ਦਰਵੇਸ਼
-ਤੁਹਾਡੀਆਂ ਉਹ ਕਿਹੜੀਆਂ ਰਚਨਾਵਾਂ ਨੇ ਜਿਹੜੀਆਂ ਅਖਬਾਰਾਂ, ਰਸਾਲਿਆਂ ਜਾਂ ਕਿਤਾਬੀ ਰੂਪ ਵਿੱਚ ਛਪਣ ਤੋਂ ਬਾਦ ਅੱਜ ਵੀ ਕਿਸੇ ਤਬਦੀਲੀ ਦੀ ਮੰਗ ਕਰਦੀਆਂ ਨੇ? ਜਾਣੀਂ ਤੁਹਾਨੂੰ ਹੁਣ ਵੀ ਲੱਗਦਾ ਹੈ ਕਿ ਤੁਸੀਂ ਆਪਣੇਂ ਕਿਰਦਾਰ ਨਾਲ ਇਨਸਾਫ ਨਹੀਂ ਕਰ ਸਕੇ ?
ਰਵਿੰਦਰ ਰਵੀ-ਇਸ ਦਾ ਉੱਤਰ ਮੈਂ ਪਹਿਲਾਂ ਦੇ ਚੁੱਕਾ ਹਾਂ! ਜਦੋਂ ਵੀ ਮਹਿਸੂਸ ਹੋਵੇ ਕਿ ਅਜੇ ਹੋਰ ਸੋਧ ਦੀ ਲੋੜ ਹੈ, ਹਿਚਕਚਾਉਣਾ ਨਹੀਂ ਚਾਹੀਦਾ! ਪਰ ਪਾਠਕਾਂ ਨਾਲ ਇਨਸਾਫ ਕਰਨ ਲਈ ਐਸੀ ਸੋਧ ਸੰਬੰਧੀ ਫੁਟ ਨੋਟ ਰਾਹੀਂ ਹਵਾਲਾ ਜ਼ਰੂਰ ਦੇ ਦੇਣਾ ਚਾਹੀਦਾ ਹੈ! ਗੀਤ ਨਾਟਕ “ਰੂਹ ਪੰਜਾਬ ਦੀ” ਦਾ ਇਕ ਪੂਰਾ ਦ੍ਰਿਸ਼ ਮੈਂ ਦੂਜੇ ਐਡੀਸ਼ਨ ਲਈ ਨਵਾਂ ਲਿਖਿਆ ਤੇ ਉਸ ਵਿਚੇ ਐਡ ਕੀਤਾ ਸੀ!

ਦਰਸ਼ਨ ਦਰਵੇਸ਼
-ਆਪਣੀਆਂ ਰਚਨਾਵਾਂ ਬਾਰੇ ਪਾਠਕਾਂ ਦੀ ਰਾਏ ਉੱਪਰ ਕਿੰਨਾਂ ਕੁ ਅਸਰ ਕਬੂਲਦੇ ਹੋ?
ਰਵਿੰਦਰ ਰਵੀ-ਪ੍ਰੌਢ ਪਾਠਕਾਂ ਦੀ ਸਿਆਣੀ ਰਾਏ ਦਾ ਮੈਂ ਸਦਾ ਹੀ ਸਤਿਕਾਰ ਕਰਦਾ ਹਾਂ! ਕਈ ਵਾਰੀ ਉਨ੍ਹਾਂ ਦੀ ਰਾਏ ਮੈਂ ਆਪਣੀ ਕਿਸੇ ਆਗਾਮੀਂ ਪੁਸਤਕ ਵਿਚ, ਹਵਾਲੇ ਲਈ ਛਾਪ ਵੀ ਦਿੰਦਾ ਹਾਂ!

ਦਰਸ਼ਨ ਦਰਵੇਸ਼
-ਸਾਹਿਤ ਤੁਹਾਡੇ ਵਾਸਤੇ ਕੀ ਹੈ , ਇਸ਼ਕ ਜਾਂ ਸ਼ੀਸ਼ਾ ?
ਰਵਿੰਦਰ ਰਵੀ-ਇਸ਼ਕ ਤੇ ਸ਼ੀਸ਼ਾ ਦੋਵੇਂ! ਇਸ਼ਕ ਏਸ ਲਈ ਕਿ ਏਸ ਬਿਨਾਂ ਜੀਵਿਆ ਨਹੀਂ ਜਾ ਸਕਦਾ ਤੇ ਸ਼ੀਸ਼ਾ ਏਸ ਲਈ ਕਿ ਇਸ ਵਿਚ ਨਿਰੰਤਰ ਵਿਗਸਦਾ ਆਪਣਾ ਆਪਾ ਮੈਨੂੰ ਸਾਫ ਵਿਖਾਈ ਦਿੰਦਾ ਹੈ! ਮੇਰੀ ਜਾਚੇ ਰਚਨਾ, ਰਚਨਹਾਰੇ ਦਾ ਰਚਨਾਤਮਕ ਆਪਾ ਹੀ ਹੁੰਦੀ ਹੈ! ਸਾਹਿਤ ਮਾਰਗ ਹੈ ਤੇ ਮਾਰਗ-ਦਰਸ਼ਨ ਵੀ! ਇਹ ਪ੍ਰਸ਼ਨ ਵੀ ਹੈ ਤੇ ਪਹਿਚਾਣ ਵੀ!

ਦਰਸ਼ਨ ਦਰਵੇਸ਼
-ਉਹ ਕਿਹੜੀ ਰਚਨਾਂ ਸੀ ਜਿਸਨੂੰ ਪੜ੍ਹਕੇ ਤੁਸੀਂ ਸਭ ਤੋਂ ਵੱਧ ਡਿਸਟਰਬ ਹੋਏ, ਹਾਂ ਪੱਖੀ ਜਾਂ ਨਾਂਹ ਪੱਖੀ ?
ਰਵਿੰਦਰ ਰਵੀ-ਯੂਨਾਨੀ ਲੇਖਕ ਕਜ਼ਾਨ ਜ਼ਾਕਸ ਦਾ ਨਾਵਲ “ਜ਼ੋਰਬਾ ਦ ਗਰੀਕ”! ਕਯਾ ਬਾਤ ਹੈ! ਕੁਝ ਵੀ ਨੈਗੇਟਿਵ ਨਹੀਂ! ਜਾਨ ਔਜ਼ਬੌਰਨ ਦਾ “ਰੂਮ ਐਟ ਦ ਟੌਪ” ਵੀ ਕਮਾਲ ਸੀ! ਇਸ ਵਿਚ ਪ੍ਰਤਿਨਾਇਕ(ਐੁਂਟੀ ਹੀਰੋ) ਨੂੰ ਪਹਿਲੀ ਵਾਰ ਸਫਲਤਾ ਸਹਿਤ ਪੇਸ਼ ਕੀਤਾ ਗਿਆ ਸੀ!

ਦਰਸ਼ਨ ਦਰਵੇਸ਼
-ਬਹੁਤ ਕਿਸਮ ਦਾ ਸਾਹਿਤ ਲਿਖਿਆ ਜਾ ਰਿਹਾ ਹੈ ਅਸਲ ਵਿੱਚ ਤੁਹਾਡੀ ਨਜ਼ਰ ਵਿੱਚ ਕਿਹੋ ਜਿਹਾ ਸਾਹਿਤ ਲਿਖਿਆ ਜਾਣਾਂ ਚਾਹੀਦਾ ਹੈ ?
ਰਵਿੰਦਰ ਰਵੀ-ਜੋ ਸੱਚਾ, ਸੁੱਚਾ ਤੇ ਸਮੁੱਚੀ ਜ਼ਿੰਦਗੀ ਨੂੰ ਵਚਨਬੱਧ ਹੋਵੇ! ਕਲਾਤਮਕ ਤੇ ਰਚਨਾਤਮਕ ਗੁਣਾਂ ਨਾਲ ਭਰਪੂਰ ਸਹਿਜ-ਸੁਹਜ ਹੋਵੇ!

ਦਰਸ਼ਨ ਦਰਵੇਸ਼
-ਤੁਸੀਂ ਸਾਹਿੱਤ ਨੂੰ ਘਰ ਘਰ ਪੁਚਾਉਣ ਅਤੇ ਪਾਠਕ ਪੈਦਾ ਕਰਨ ਲਈ ਕੀ ਜੁਗਤ ਘੜ ਸਕਦੇ ਹੋ ?
ਰਵਿੰਦਰ ਰਵੀ-ਇਹ ਕੰਮ ਪ੍ਰਕਾਸ਼ਕ ਤੇ ਸੇਲਜ਼ਮਨ ਦਾ ਹੈ! ਬੌਧਕ ਸਾਹਿਤ ਦੇ ਦੁਨੀਆਂ ਦੀ ਹਰ ਬੋਲੀ ਵਿਚ ਉੰਜ ਵੀ ਬਹੁਤ ਘੱਟ ਪਾਠਕ ਹਨ! ਅਕਾਦਮਕ ਪੱਧਰ ਉੱਤੇ ਵੀ ਅੱਜ ਕਲ ਬੁੱਧੀਜੀਵੀਆਂ ਤੇ ਦਾਨਸ਼ਵਰਾਂ ਦੀ ਘਾਟ ਬਹੁਤ ਖਟਕਦੀ ਹੈ! ਉਹ ਸੁਲਝੇ ਹੋਏ ਤੇ ਪ੍ਰੌਢ ਵਿੱਦਿਆਰਥੀ/ਪਾਠਕ ਪੈਦਾ ਕਰਨ ਤੋਂ ਅਸਮਰਥ ਹਨ! ਇਸ ਗਲੋਬਲ ਯੁੱਗ ਵਿਚ ਵੀ ਇਨ੍ਹਾਂ ਅਧਿਆਪਕਾਂ ਦਾ ਅਧਿਅਨ-ਖੇਤਰ ਬਹੁਤ ਸੀਮਤ ਹੈ੧ ਦ੍ਰਿਸ਼ਟੀ ਬਹੁਤ ਸੌੜੀ ਹੈ! ਬਹੁ-ਵਿਧ ਗਿਆਨ ਤੇ ਵਿਸ਼ੇਸ਼ਗਤਾ ਦੀ ਘਾਟ ਹੈ! ਇਨ੍ਹਾਂ ਦੇ ਵਿੱਦਿਆਰਥੀ ਵੱਡੇ ਹੋ ਕੇ ਕਿਹੋ ਜਿਹੇ ਪਾਠਕ ਬਣ ਸਕਣਗੇ, ਇਸ ਦਾ ਅੰਦਾਜ਼ਾ ਤੁਸੀਂ ਆਪ ਗੀ ਲਾ ਸਕਦੇ ਹੋ!

ਦਰਸ਼ਨ ਦਰਵੇਸ਼
-ਲੇਖਕ, ਪਾਠਕ, ਪਬਲਿਸ਼ਰ ਅਤੇ ਵਿਕਰੇਤਾ ਦਾ ਰਿਸ਼ਤਾ ਵੱਧ ਤੋਂ ਵੱਧ ਪਾਠਕ ਪੈਦਾ ਕਰਨ ਵਾਸਤੇ ਕੀ ਭੂਮਿਕਾ ਨਿਭਾ ਸਕਦਾ ਹੈ ?
ਰਵਿੰਦਰ ਰਵੀ-ਇਹ ਇੰਟਰਨੈਟ ਤੇ ਮੀਡੀਏ ਦਾ ਯੁੱਗ ਹੈ! ਕਮਰਸ਼ੀਅਲਜ਼ ਤੇ ਐਡਵਰਟਾਈਜ਼ਮੈਂਟ ਦਾ ਜ਼ਮਾਨਾ ਹੈ! ਈ-ਬੁਕ ਤੇ ਵੈਬ-ਲਾਇਬਰੇਰੀ ਦਾ ਦੌਰ ਹੈ! ਹੁਣ ਪੁਸਤਕਾਂ ਨੂੰ ਆਡੀਓ ਤੇ ਵੀਡੀਓ ਮਾਧਿਅਮ ਵਿਚ ਕਨਵਰਟ ਕਰਨ ਦੀ ਲੋੜ ਹੈ! ਸਾਹਿਤ ਦੇ ਪਰਸਾਰ ਲਈ ਰੇਡੀਓ ਤੇ ਟੀ.ਵੀ. ਨੂੰ ਹੱਥਿਆਰ ਵਾਂਗ ਵਰਤਨ ਦੀ ਲੋੜ ਹੈ! ਵਿਗਿਆਨਕ ਮਾਰਕੀਟਿੰਗ ਤਕਨੀਕ ਦੀ ਜਾਣਕਾਰੀ ਤੇ ਵਰਤੋਂ ਜ਼ਰੂਰੀ ਹੈ! ਲੇਖਕ ਨੂੰ ਮਿਹਨਤ ਨਾਲ ਲਿਖਣ ਦਿਓ ਤੇ ਵੇਚਣ ਵੱਟਣ ਦਾ ਕੰਮ ਏਸ ਖੇਤਰ ਦੇ ਮਾਹਰਾਂ ਲਈ ਛੱਡ ਦਿਓ! ਪ੍ਰਿੰਟ ਮਾਧਿਅਮ ਦੇ ਨਾਲ ਨਾਲ ਨਾਨ-ਪ੍ਰਿੰਟ ਮਾਧਿਅਮ ਨੂੰ ਵਰਤਨ ਦੀ ਵੀ ਲੋੜ ਹੈ!

Thursday, June 24, 2010

ਰਾਜ ਕਾਕੜੇ ਦਾ ਪੰਜਾਬੀਆਂ ਨੂੰ ਸਵਾਲ-ਪੰਜਾਬੀਓ ਚਿੜੀ ਬਣਨਾ ਕਿ ਬਾਜ਼

ਗੀਤਕਾਰ ਰਾਜ ਕਾਕੜੇ ਦੇ ਨਾਮ ਤੋਂ ਹਰ ਪੰਜਾਬੀ ਭਲੀ-ਭਾਂਤ ਵਾਕਫ਼ ਹੈ। ਉਸ ਦੁਆਰਾ ਰਚਿਤ ਅਨੇਕਾਂ ਹੀ ਗੀਤ ਵੱਖ-ਵੱਖ ਗਾਇਕਾਂ ਦੇ ਰੁਜ਼ਗਾਰ ਅਤੇ ਸਾਡੇ ਮਨੋਰੰਜਨ ਦਾ ਸਾਧਨ ਬਣ ਚੁੱਕੇ ਹਨ। ਪਿਛਲੇ ਲਗਭਗ 24 ਸਾਲਾਂ ਤੋਂ ਉਹ ਬਤੌਰ ਗੀਤਕਾਰ ਇਸ ਖੇਤਰ ਵਿੱਚ ਵਿਚਰ ਰਿਹਾ ਹੈ ਅਤੇ ਹੁਣ ਤੱਕ ਉਸਦੇ ਕੋਈ 900 ਦੇ ਕਰੀਬ ਗੀਤ ਰਿਕਾਰਡ ਹੋ ਕੇ ਲੋਕਾਂ ਤੱਕ ਪਹੁੰਚ ਚੁੱਕੇ ਹਨ। ਇਹਨਾਂ ਚੌਵੀ ਸਾਲਾਂ ਵਿੱਚ ਉਸਦੇ ਜ਼ਿਆਦਾਤਰ ਉਹ ਗੀਤ ਹੀ ਲੋਕਾਂ ਤੱਕ ਪਹੁੰਚੇ ਜੋ ਕਮਰਸ਼ੀਅਲ ਸੀ ਅਤੇ ਉਸ ਵਿੱਚ ਉਸ ਦੀਆਂ ਸਵੈ-ਭਾਵਨਾਵਾਂ ਨਾਂ ਮਾਤਰ ਹੀ ਸਨ। ਅਜਿਹੇ ਹਾਲਾਤਾਂ ਵਿੱਚ ਉਸ ਅੰਦਰਲਾ ਬਾਗੀ ਇਨਸਾਨ ਜਾਂ ਗੀਤਕਾਰ ਚਾਹ ਕੇ ਵੀ 'ਖੁੱਲ੍ਹੀ ਅੱਖ' ਨਾਲ ਵੇਖੇ ਉਹਨਾਂ ਦ੍ਰਿਸ਼ਾਂ ਦਾ ਚਿਤਰਨ ਕਰਨ ਤੋਂ ਵਾਂਝਾ ਰਿਹਾ ਜੋ ਕਿ ਉਹ ਹਰ ਵਾਰ ਕਰਨਾ ਚਾਹੁੰਦਾ ਸੀ। ਪਰ ਹੁਣ ਉਸ ਅੰਦਰ ਪਏ ਉਹਨਾਂ ਬਾਗੀ ਵਿਚਾਰਾਂ ਦਾ ਲਾਵਾ ਟੇਪ 'ਪੰਜਾਬੀਓ ਚਿੜੀ ਬਣਨਾ ਕਿ ਬਾਜ਼' ਰਾਹੀਂ ਜਵਾਲਾਮੁਖੀ ਬਣ ਕੇ ਖੁਦ ਉਸਦੀ ਆਵਾਜ਼ ਵਿੱਚ ਹੀ ਵਹਿ ਤੁਰਿਆ ਹੈ। ਇਹਨੀਂ ਦਿਨੀਂ ਉਹ ਆਪਣੇ ਇਸੇ ਤਰਾਂ ਦੇ ਬਾਗੀਆਨਾ ਵਿਸ਼ਿਆਂ ਵਾਲੇ ਗੀਤਾਂ ਨਾਲ ਲਬਰੇਜ਼ ਆਪਣੀ ਇਸ ਪਲੇਠੀ ਟੇਪ ਨਾਲ ਹਰ ਪਾਸੇ ਖੂਬ ਚਰਚਾ ਵਿੱਚ ਹੈ। ਸਪੀਡ ਰਿਕਾਰਡਜ਼ ਵੱਲੋਂ ਮਾਰਕੀਟ ਵਿੱਚ ਉਤਾਰੀ ਗਈ ਇਸ ਟੇਪ ਵਿੱਚ ਉਸ ਦੁਆਰਾ ਰਚਿਤ ਕੁੱਲ ਅੱਠ ਗੀਤ ਅਤੇ ਨੌਂ ਸ਼ੇਅਰ ਹਨ ਜਿਸਨੂੰ ਨੌਜਵਾਨ ਸੰਗੀਤਕਾਰ ਜੋੜੀ ਅਨੂ-ਮਨੂ ਨੇ ਸੰਗੀਤਬੱਧ ਕੀਤਾ ਹੈ। ਪੂਰੀ ਦੀ ਪੂਰੀ ਟੇਪ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੀ ਹੈ ਜਿਸ ਵਿੱਚ ਇਸ਼ਕ ਹਕੀਕੀ ਜਾਂ ਇਸ਼ਕ ਮਜਾਜੀ ਵਰਗੀ ਚੀਜ਼ ਉਸਨੇ ਨਹੀਂ ਰੱਖੀ ਹੈ। ਰਾਜ ਅਨੁਸਾਰ ਉਹ ਹਮੇਸ਼ਾਂ ਹੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ ਅਤੇ ਇਸੇ ਲਈ ਹੀ ਉਸਨੇ ਇਸ ਟੇਪ ਦਾ ਨਿਰਮਾਣ ਕੀਤਾ ਹੈ। ਇਸ ਟੇਪ ਵਿੱਚ ਉਸਨੇ ਕਈ ਅਜਿਹੇ ਸੱਚ ਬੋਲੇ ਹਨ ਜਿੰਨ੍ਹਾਂ ਪੇਸ਼ ਕਰਨ ਲਈ ਬੜੇ ਵੱਡੇ ਜਿਗਰੇ ਦੀ ਜ਼ਰੂਰਤ ਸੀ। ਟੇਪ ਵਿੱਚ ਉਸਨੇ ਹਰ ਅਹਿਮ ਵਿਸ਼ੇ ਨੂੰ ਛੋਹਣ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਹੈ। ਟੇਪ ਦੇ ਪਹਿਲੇ ਹੀ ਸ਼ੇਅਰ 'ਤੂਫ਼ਾਨ' ਜੋ ਕਿ ਇਸ ਟੇਪ ਦੀ ਭੂਮਿਕਾ ਹੈ, ਤੋਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਇਸ ਟੇਪ ਰਾਹੀਂ ਉਹ ਅਸਲ ਵਿੱਚ ਕੀ ਕਹਿਣਾ ਚਾਹੁੰਦਾ ਹੈ। ਅਗਲੇ ਸ਼ੇਅਰ 'ਰੂੰ' ਰਾਹੀਂ ਉਹ ਪੰਜਾਬ ਨਾਲ ਹੋਈਆਂ ਧੱਕੇਸ਼ਾਹੀਆਂ ਦਾ ਜ਼ਿਕਰ ਕੁਝ ਇਸ ਤਰਾਂ ਕਰਦਾ ਹੈ-
ਸਾਡੀ ਲਾਸ਼ ਉੱਤੇ ਝੰਡੇ, ਇਹ ਇਨਾਮ ਸਾਨੂੰ ਵੰਡੇ
ਤੇਰੇ ਰਾਹਵਾਂ 'ਚ ਪੰਜਾਬ, ਵੈਰੀ ਬੀਜ ਗਿਆ ਕੰਡੇ
ਉਹਨਾਂ ਕਾਣੀਆਂ ਵੰਡਾਂ ਦਾ ਅੱਜ ਉੱਠਦਾ ਏ ਧੂੰ
ਜੀਹਤੋਂ ਸੁਣਿਆਂ ਨੀਂ ਜਾਂਦਾ ਲੈ ਲੋ ਕੰਨਾਂ ਵਿੱਚ ਰੂੰ
ਟੇਪ ਦੇ ਪਹਿਲੇ ਅਤੇ ਟਾਈਟਲ ਗੀਤ 'ਬਾਜ਼' ਦੁਆਰਾ ਉਹ ਸਿੱਧੇ-ਸਿੱਧੇ ਸ਼ਬਦਾਂ ਵਿੱਚ ਪੰਜਾਬੀਆਂ ਦੀ ਅੰਤਰ-ਆਤਮਾ ਨੂੰ ਇਉਂ ਝੰਜੋੜਦਾ ਹੈ-
ਦੁਨੀਆਂ ਜੀਹਨੂੰ ਤਖਤ ਬਿਠਾਵੇ, ਜੇ ਉਹ ਵਤਨ ਵੇਚ ਕੇ ਖਾਵੇ
ਮਜ਼ਲੂਮਾਂ 'ਤੇ ਜ਼ੁਲਮ ਕਮਾਵੇ, ਸਿਰ 'ਤੇ ਰੱਖ ਕੇ ਤਾਜ
ਓਸ ਕੌਮ ਦੀਆਂ ਚਿੜੀਆਂ ਨੂੰ ਫਿਰ ਬਣਨਾ ਪੈਂਦਾ ਬਾਜ਼।
ਟੇਪ ਵਿਚਲੇ ਅਗਲੇ ਸ਼ੇਅਰ 'ਭਗਵਾਨ' ਰਾਹੀਂ ਉਹ ਬੜੀ ਬੇਬਾਕੀ ਨਾਲ ਲਾਲਚੀ ਇਨਸਾਨਾਂ ਅਤੇ ਭ੍ਰਿਸ਼ਟ ਸਿਆਸਤਦਾਨਾਂ ਤੇ ਕੁਝ ਇਸ ਤਰਾਂ ਵਾਰ ਕਰਦਾ ਹੈ-
ਲੋਕੀਂ ਤਾਂ ਭਗਵਾਨ ਵੇਚ ਗਏ, ਹੱਟੀ ਸਣੇ ਸਮਾਨ ਵੇਚ ਗਏ
ਜੱਟਾ ਤੇਰੀ ਫ਼ਸਲ ਵਿਕੀ ਨਾ, ਨੇਤਾ ਹਿੰਦੋਸਤਾਨ ਵੇਚ ਗਏ
ਅਸੀਂ ਤਿਰੰਗੇ ਖਾਤਰ ਮਰ ਗਏ, ਉਹ ਕੱਫ਼ਣ ਦਾ ਥਾਨ ਵੇਚ ਗਏ
ਰਾਜ ਕਾਕੜੇ ਲਾਲਚ ਵਧ ਗਿਆ, ਲੋਕ ਕਬਰਸਤਾਨ ਵੇਚ ਗਏ।
ਗੀਤ 'ਮਧਾਣੀਆਂ' ਜੋ ਕਿ ਲੋਕ-ਗੀਤ 'ਮਧਾਣੀਆਂ' ਦੀ ਹੀ ਤਰਜ਼ 'ਤੇ ਹੈ, ਵਿੱਚ ਰਾਜ ਨੇ ਅਜੋਕੇ ਹਾਲਾਤਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਇਉਂ ਪੇਸ਼ ਕੀਤਾ ਹੈ-
ਮਧਾਣੀਆਂ
ਵੈਰੀਆਂ ਦੀ ਨਜ਼ਰ ਬੁਰੀ, ਰਹੀਂ ਬਚ ਕੇ ਪੰਜਾਬ ਦਿਆ ਪਾਣੀਆਂ
ਪੋਣੀ
84 ਦਿਆਂ ਦੋਸ਼ੀਆਂ ਨੇ ਮਰ ਜਾਣਾ ਏਂ ਸਜ਼ਾ ਨਹੀਂ ਹੋਣੀ।
ਟੇਪ ਦੇ ਸਭ ਤੋਂ ਅਖੀਰਲੇ ਗੀਤ 'ਜਿੰਦੇ' ਰਾਹੀਂ ਉਹ ਰੁਜ਼ਗਾਰ ਦੀ ਖਾਤਰ ਵਿਦੇਸ਼ ਗਏ ਲੋਕਾਂ ਦੇ ਪਿੱਛੇ ਰਹਿ ਗਏ ਮਾਪਿਆਂ ਦੀ ਮਨੋ-ਦਸ਼ਾ ਅਤੇ ਉਹਨਾਂ ਦੀ ਜ਼ਮੀਨ-ਜਾਇਦਾਦ ਦੀ ਹੋ ਰਹੀ ਬੇਕਦਰੀ ਬਾਰੇ ਕੁਝ ਇਸ ਤਰਾਂ ਗੱਲ ਕਰਦਾ ਹੈ-
ਖਿੰਡ ਗਏ ਪੱਤੇ ਤੇ ਸੁੱਕ ਗਈ ਡਾਲੀ, ਰਹਿ ਗਏ ਮਗਰ ਆਲ੍ਹਣੇ ਖਾਲੀ
ਉੱਡ ਗਏ ਦੂਰ ਪਰਿੰਦੇ ਵੇ ਬੀਬਾ ਕਦੋਂ ਖੁੱਲ੍ਹਣਗੇ, ਜਿਹੜੇ ਘਰ ਨੂੰ ਲਾ ਗਿਉਂ ਜਿੰਦੇ, ਵੇ ਬੀਬਾ ਕਦੋਂ ਖੁੱਲ੍ਹਣਗੇ।
ਟੇਪ ਵਿਚਲਾ ਸਾਰੇ ਦਾ ਸਾਰਾ ਮੈਟਰ ਕਮਰਸ਼ੀਅਲ ਨਾ ਹੋ ਕੇ ਸਮਾਜਿਕ ਹੈ ਜਿਸ ਵਿੱਚ ਉਸਨੇ ਲਗਭਗ ਸਾਰੇ ਹੀ ਸਮਾਜਿਕ ਵਿਸ਼ਿਆਂ ਦੀ ਗੱਲ ਕੀਤੀ ਹੈ। ਅਜਿਹੀ ਟੇਪ ਨੂੰ ਰਿਲੀਜ਼ ਕਰਨ ਲਈ ਸਪੀਡ ਰਿਕਾਰਡਜ਼ ਤੇ ਉਸਦੇ ਕਰਤਾ-ਧਰਤਾ ਦਿਨੇਸ਼ ਅਤੇ ਰੂਬੀ ਵੀ ਵਧਾਈ ਦੇ ਹੱਕਦਾਰ ਹਨ ਜਿਨ੍ਹਾਂ ਨੇ ਕਮਰਸ਼ੀਅਲ ਟੇਪ ਨਾ ਹੋਣ ਦੇ ਬਾਵਜੂਦ ਵੀ ਇਸ ਨੂੰ ਰਿਲੀਜ਼ ਕਰਨ ਦਾ ਜਿਗਰਾ ਦਿਖਾਇਆ ਹੈ।
ਇੱਕ ਗੀਤਕਾਰ ਵਜੋਂ ਆਪਣੀ ਸਫ਼ਲ ਪਾਰੀ ਖੇਡਣ ਮਗਰੋਂ ਇੱਕ ਗਾਇਕ ਵਜੋਂ ਅਜਿਹੀ ਟੇਪ ਕਰਨ 'ਤੇ ਸਰੋਤੇ ਕਿੰਨਾ ਕੁ ਪਿਆਰ ਦਿੰਦੇ ਹਨ ਇਹ ਤਾਂ ਅਜੇ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਗਾਇਕੀ ਦੇ ਅਜਿਹੇ ਮਾਹੌਲ ਵਿੱਚ ਰਾਜ ਦੀ ਇਹ 'ਚੀਕ ਬੁਲਬੁਲੀ' ਰੂਪੀ ਟੇਪ ਕਈ ਗਾਇਕਾਂ ਲਈ ਜ਼ਰੂਰ ਹੀ ਰਾਹ-ਦਸੇਰਾ ਸਾਬਤ ਹੋਵੇਗੀ ਹਰਿੰਦਰ ਭੁੱਲਰ ਫ਼ਿਰੋਜ਼ਪੁਰ

Thursday, June 17, 2010

ਰੱਬ ਵਰਗਾ ਦੋਸਤ - ਗੁਰਨਾਮ ਗਿੱਲ

ਕੋਈ ਵੀ ਬੰਦਾ ਜਦੋਂ ਇੱਕ ਦੇਸ਼ ਵਿੱਚੋਂ ਦੂਜੇ ਦੇਸ਼ ਜਾਂਦਾ ਹੈ ਤਾਂ ਸੰਗਤ ਬਦਲ ਜਾਂਦੀ ਹੈ, ਹਾਲਾਤ ਬਦਲ ਜਾਂਦੇ ਹਨ ਅਤੇ ਮਹੌਲ ਵੀ। ਨਵੇਂ ਲੋਕ ਮਿਲਦੇ ਹਨ, ਕੁੱਝ ਪਾਰਦਰਸ਼ੀ, ਕੁੱਝ ਦੋਗਲੇ। ਪਾਰਦਰਸ਼ੀ ਭਾਵ ਅੰਦਰੋਂ-ਬਾਹਰੋਂ ਇੱਕੋ ਜਿਹੇ । ਅਜਿਹੇ ਬੰਦੇ ਅਕਸਰ ਕਦੇ-ਕਦਾਈਂ ਭਾਵਕ ਵੀ ਹੋ ਜਾਂਦੇ ਹਨ । ਅਕਸਰ ਜਜ਼ਬਾਤੀ ਬੰਦੇ ਦਿਮਾਗ ਨਾਲ਼ ਘੱਟ ਸੋਚਦੇ ਹਨ, ਦਿਲ ਨਾਲ਼ ਵਧੇਰੇ । ਬੰਦੇ ਦਾ ਹੱਦੋਂ ਵੱਧ ਜਜ਼ਬਾਤੀ ਹੋਣਾ ਗੁਣ ਵੀ ਹੋ ਸਕਦਾ ਹੈ ਅਤੇ ਔਗੁਣ ਵੀ। ਗੁਣ ਦੂਜਿਆਂ ਲਈ ਕਿਉਂਕਿ ਅਜਿਹਾ ਵਿਅਕਤੀ ਸਰਬਤ ਦਾ ਭਲਾ ਲੋਚਦਾ ਹੈ; ਔਗੁਣ ਬੰਦੇ ਦਾ ਆਪਣੇ ਆਪ ਲਈ, ਕਿਉਂਕਿ ਉਹ ਦੋਗਲੇ ਲੋਕਾਂ ਰਾਹੀਂ ਛਲ਼ਿਆਂ ਜਾਂਦਾ ਹੈ ਜੋ ਸਿਰਫ ਆਪਣਾ ਭਲਾ ਹੀ ਸੋਚਦੇ ਹਨ। overemotional ਹੋਣ ਕਰਕੇ ਮੈਂ ਖੁਦ ਵੀ ਅਜਿਹੇ ਧੋਖੇ ਖਾ ਚੁੱਕਾ ਹਾਂ। ਅਜੋਕੇ ਯੁਗ ਵਿੱਚ ਤਾਂ ਆਦਮੀ ਵਰਗੇ ਬੰਦੇ ਵੀ ਘੱਟ ਹੀ ਮਿਲਦੇ, ਰੱਬ ਵਰਗੇ ਕਿੱਥੋਂ ? ਇਸ ਕਰਕੇ ਹੀ ਸ਼ਾਇਦ ਸਿਰਫ ਬੰਦੇ ਨੂੰ ਹੀ ਆਖਿਆ ਜਾਂਦਾ ਹੈ - ਬੰਦਾ ਬਣ ਜਾ ਬੰਦਾ। ਕਿਸੇ ਜਾਨਵਰ ਨੂੰ ਇਉਂ ਨਹੀਂ ਕਿਹਾ ਜਾਂਦਾ। ਇਹ ਰੱਬ ਵਰਗਾ ਆਦਮੀ 46 ਸਾਲ ਪਹਿਲਾਂ, ਦੁਬਾਰਾ ਮੈਨੁੰ ਇੰਗਲੈਂਡ ਵਿੱਚ ਮਿਲਿਆ ਸੀ। ਪੰਜਾਬ ਵਿੱਚ ਰਹਿੰਦਿਆਂ ਅਸੀਂ ਸਮਰਾਏ-ਜੰਡਿਆਲਾ ਦੇ ਇੱਕੋ ਸਕੂਲ ਵਿੱਚ ਪੜ੍ਹਦੇ ਰਹੇ ਸਾਂ। ਆਪਣੇ ਪ੍ਰਵਾਰ ਵਿੱਚੋਂ ਸਿਰਫ ਉਹੀ ਇੱਕ ਅਲੱਗ ਕਿਸਮ ਦਾ ਬੰਦਾ ਸੀ। ਉਸ ਦੀ ਸੰਗਤ ਵਿੱਚ ਆਉਣ ਕਰਕੇ ਹੀ ਮੇਰੀ ਸਾਹਿਤ ਵਲ ਰੁਚੀ ਵਧੀ ਸੀ। ਉਸ ਵੇਲੇ ਉਹ 'ਪ੍ਰੀਤ ਲੜੀ' ਅਤੇ 'ਨਵਾਂ ਜ਼ਮਾਨਾ' ਪਰਚੇ, ਡਾਕ ਰਾਹੀਂ ਭਾਰਤ ਤੋਂ ਮੰਗਵਾਉਂਦਾ ਹੁੰਦਾ ਸੀ ਅਤੇ ਸਮਾਜਵਾਦੀ ਵਿਚਾਰਾਂ ਦਾ ਧਾਰਨੀ ਸੀ। ਬਾਰਕਿੰਗ ਵਿੱਚ, ਮੈਂ ਉਸਦੇ ਘਰ ਕਿਰਾਏਦਾਰ ਸਾਂ। ਬਿਨਾਂ ਘਰ-ਘਾਟ ਖਰੀਦੇ ਮੈਂ ਆਪਣੀ ਪਤਨੀ ਅਤੇ ਬੇਟਾ ਮੰਗਵਾ ਲਏ ਸਨ। ਸ਼ਾਇਦ ਜ਼ਿੰਦਗੀ ਵਿੱਚ ਇਹ ਮੇਰੀ ਪਹਿਲੀ ਗ਼ਲਤੀ ਸੀ। 1967 ਤੋਂ 1981 ਦੇ ਵਿਚਕਾਰ ਦੋ ਗ਼ਲਤੀਆਂ ਹੋਰ ਵੀ ਹੋਈਆਂ ਪਰ ਉਹਨਾਂ ਦਾ ਜ਼ਿਮੇਂਵਾਰ ਮੈਂ ਨਹੀਂ ਸਗੋਂ ਮੇਰਾ ਪਿਤਾ ਸੀ। ਹੁਣ ਸੋਚਦਾ ਹਾਂ ਕਿ ਹਰ ਚੀਜ਼ ਦੀ ਹੱਦ ਹੁੰਦੀ ਹੈ, ਹੱਦੋਂ ਜ਼ਿਆਦਾ ਆਗਿਆਕਾਰੀ ਹੋਣਾ ਵੀ ਚੰਗਾ ਨਹੀਂ ਹੁੰਦਾ। ਇਹ ਗ਼ਲਤੀਆਂ ਕਿਵੇਂ ਵੀ ਹੋਈਆਂ ਪਰ ਸਜ਼ਾ ਮੈਂ ਹੀ ਭੁਗਤੀ ਹੈ।ਇੱਕ ਦਿਨ ਸਵੇਰੇ ਮੈਨੂੰ ਇਸ ਵੱਡੇ ਭਰਾ ਵਰਗੇ ਮਿਤੱਰ ਨੇ ਸਲਾਹ ਦਿੱਤੀ " ਦੇਖ ਤੈਨੂੰ ਇੱਕ ਗੱਲ ਦੱਸਾਂ, ਮੇਰੀ ਭੈਣ ਵੀ ਇਸੇ ਘਰ ਵਿੱਚ ਰਹਿੰਦੀ ਹੈ; ਡਰਦਾ ਹਾਂ ਕਿ ਕਿਤੇ ਆਪਣੇ ਮਨਾਂ ਵਿੱਚ ਫਿੱਕ ਨਾ ਪੈ ਜਾਵੇ। ਜ਼ਰੂਰੀ ਨਹੀਂ ਕਿ ਹਰ ਜ਼ਨਾਨੀ ਦਾ ਸੁਭਾ ਦੂਜੀ ਨਾਲ਼ ਰਲ਼ ਸਕੇ। ਚੰਗਾ ਹੋਵੇਗਾ ਜੇ ਤੂੰ ਆਪਣਾ ਘਰ ਖਰੀਦ ਲਵੇਂ।"ਮੈਂ ਚੁੱਪ-ਚਾਪ ਥੋੜੀ ਦੇਰ ਸੋਚਦਾ ਰਿਹਾ ਤੇ ਫਿਰ ਕਿਹਾ- " ਸੋਹਣ, ਤੂੰ ਤਾਂ ਯਾਰ ਭਲੀ-ਭਾਂਤ ਜਾਣਦਾਂ, ਕਲ੍ਹ ਹੀ ਜਦੋਂ ਹਰਜੀਤ ਸਿੰਘ ਨੇ ਮੇਥੋਂ ਕਿਰਾਏ ਦਾ ਹਿਸਾਬ ਮੰਗਿਆ ਸੀ ---""ਬੱਸ ਅੱਗੇ ਕੋਈ ਗੱਲ ਕਰਨ ਦੀ ਲੋੜ ਨਹੀਂ ਮੈਂ ਸਭ ਜਾਣਦਾਂ" ਉਹ ਬੋਲਿਆ।"ਚਾਹ-ਪਾਣੀ ਪੀ ਲੈ, ਫਿਰ ਆਪਾਂ ਘਰ ਦੇਖਣ ਚਲਦੇ ਹਾਂ" ਏਨਾ ਆਖ ਕੇ, ਉਹ ਸਾਡੇ ਕਮਰੇ ਚੋਂ ਬਾਹਰ ਚਲੇ ਗਿਆ।ਮੈਂ ਤੇ ਮੇਰੀ ਪਤਨੀ ਸੋਚਾਂ 'ਚ ਪੈ ਗਏ ਕਿ ਘਰ ਕਿੱਦਾਂ ਲਵਾਂਗੇ। ਘਰ ਲੈਣ ਲਈ ਕਾਫੀ ਪੈਸੇ ਦੀ ਲੋੜ ਹੈ। ਹਾਲੇ ਅਸੀਂ ਆਪਣੀ ਪਰੇਸ਼ਾਨੀ ਵਿੱਚ ਹੀ ਘਿਰੇ ਹੋਏ ਸਾਂ ਕਿ ਉਹ ਵਾਪਿਸ ਆਇਆ ਤੇ ਕਹਿਣ ਲੱਗਾ, "ਚਲੋ ਫਿਰ ਚਲੀਏ ਘਰ ਵੇਖਣ, ਜਿਹੜਾ ਕੰਮ ਕਲ੍ਹ ਨੂੰ ਕਰਨਾ ਅੱਜ ਹੀ ਕਿਉਂ ਨਾ ਕਰ ਲਈਏ।"ਉਸ ਦਾ ਇਹ ਅਸੂਲ ਹਾਲੇ ਤੱਕ ਵੀ, ਮੇਰੇ ਜੀਵਨ ਦੇ ਅਨੁਸਾਸ਼ਨ ਵਿੱਚ ਸ਼ਾਮਿਲ ਹੈ।ਅਸੀਂ ਰਿੱਪਲ ਰੋਡ ਤੇ ਇੱਕ ਘਰ ਪਸੰਦ ਕੀਤਾ ਅਤੇ ਮੌਰਗੇਜ ਲਈ ਅਪਲਾਈ ਕਰ ਦਿੱਤਾ। 25 ਸਾਲਾਂ ਲਈ ਸੌ ਫ਼ੀ ਸਦੀ ਲੋਨ ਮਿਲ ਗਿਆ ਅਤੇ ਬਾਕੀ ਸਿਰਫ ਵਕੀਲ ਤੇ ਮੁਰੰਮਤ ਦੇ ਪੈਸੇ ਹੀ ਜਮਾ੍ਹ ਕਰਾਉਣੇ ਪੈਣੇ ਸਨ। ਸੋਹਣ ਨੇ ਮਸ਼ਵਰਾ ਦਿੱਤਾ "ਥੋੜੇ ਪੈਸੇ ਆਪਣੀ ਘਰ ਵਾਲ਼ੀ ਦੇ ਚਾਚੇ ਕੋਲੋਂ ਮੰਗ ਕੇ ਵੇਖ ਲਾ।""ਨਾ ਬਈ" ਇੱਕ ਦਮ ਮੇਰੇ ਮੂਹੋਂ ਨਿਕਲਿਆ।ਉਸ ਦੀ ਹੈਰਾਨੀ ਵੇਖ ਕੇ ਮੈਂ ਦੱਸਿਆ, "ਦੇਖ ਤੈਨੂੰ ਪਤਾ, ਦਸ ਪੌਂਡ ਮੈਂ ਉਧਾਰੇ ਮੰਗ ਲਏ ਸਨ ਤਾਂ ਘਰ ਵਾਲ਼ੀ ਦੇ ਫੁਫੜ ਨੂੰ ਝੱਟ ਜਾ ਦੱਸਿਆ ਸੀ ਕਿ-----""ਚਲ ਕੋਈ ਨਾ ਆਪਾਂ ਪਰਬੰਧ ਕਰ ਲਾਂਗੇ, ਤੇਰੇ ਮਾਸੜ ਵਰਗੇ ਬੜੇ ਬੰਦੇ ਇੱਥੇ ਤੈਨੂੰ ਮਿਲਣਗੇ ਜੋ ਪੌਂਡ ਦੀ ਪੂਛ ਨਾਲ਼ ਬੱਝੇ ਹੋਏ ਹਨ।" ਮੇਰੀ ਗੱਲ ਟੋਕਦੇ ਹੋਏ ਉਸ ਨੇ ਧਰਵਾਸ ਦੇਣ ਵਾਂਗ ਆਖਿਆ।ਪੰਜ ਸੌ ਪੌਡ ਸਾਨੂੰ ਵਕੀਲ ਅਤੇ ਮੁਰੰਮਤ ਦਾ ਖਰਚਾ ਦੇਣਾ ਪਿਆ ਜੋ ਸਾਰਾ ਸੋਹਣ ਸਿੰਘ ਧਾਰੀਵਾਲ਼ ਨੇ ਦੇ ਦਿੱਤਾ ਅਤੇ ਮਹੀਨੇ ਦੇ ਅੰਦਰ ਅਸੀਂ ਘਰ ਵਾਲ਼ੇ ਬਣ ਗਏ ਸਾਂ। ਕੁੱਝ ਰਿਸ਼ਤੇ ਹੈਰਾਨ-ਪਰੇਸ਼ਾਨ ਰਹਿ ਗਏ ਅਖੇ ਹੈਂ ਹਾਲੇ ਕਲ੍ਹ ਆਇਆ, ਸਾਡੇ ਨਾਲੋਂ ਵੱਡਾ ਘਰ ਲੈ ਲਿਆ। ਉਹ ਨਹੀਂ ਸਨ ਜਾਣਦੇ ਕਿ ਦੁਨੀਆਂ ਵਿੱਚ ਕੁੱਝ ਲੋਕ ਦਿਲ ਵਾਲ਼ੇ ਵੀ ਹੁੰਦੇ ਹਨ। ਤੇ ਵਿਸ਼ਵਾਸ ਕਰਨਯੋਗ ਵੀ। ਬੇਇਤਬਾਰੇ ਨੂੰ ਕਦੇ ਕੋਈ ਪੈਸਾ ਨਹੀਂ ਦਿੰਦਾ। ਸੋਹਣ ਸਿੰਘ ਦਿਲ ਦਾ ਧਨੀ ਸੀ। ਦਿਲ ਦੀ ਅਮੀਰੀ ਇੱਕ ਬਹੁਤ ਵੱਡਾ ਮਾਨਵੀ ਗੁਣ ਹੈ।ਕਈ ਵਾਕਿਫਕਾਰਾਂ ਤੇ ਰਿਸ਼ਤੇਦਾਰਾਂ ਸਲਾਹ ਦਿੱਤੀ ਕਿ ਤਿੰਨ ਕਮਰੇ ਕਿਰਾਏ ਤੇ ਦੇ ਦਿਓ, ਸੋਹਣ ਸਿੰਘ ਧਾਰੀਵਾਲ਼ ਨੇ ਵੀ। ਮਨ 'ਚ ਸੋਚਿਆ ਫਿਰ ਆਪਣੇ ਘਰ ਦਾ ਕੀ ਫਇਦਾ? ਜਿਹਾ ਕਿਰਾਏ ਤੇ ਰਹਿ ਲਿਆ ਜਿਹੇ ਕਿਰਾਏਦਾਰ ਵਾੜ ਲਏ! ਪਰਵਾਰਿਕ ਸੁਖ-ਸਹੂਲਤ ਪਹਿਲਾਂ ਤੇ ਧਨ ਦਾ ਲੋਭ ਬਾਦ ਵਿੱਚ । ਮੇਰੀ ਸੋਚ ਦਾ ਖਾਨਾਂ ਪੌਂਡਾਂ ਦੀ ਬੇਵਸਾਹੀ ਤੋਂ ਊਣਾ ਸੀ।ਛੇਤੀਂ ਹੀ ਮੈਂ ਆਪਣੇ ਪਿਤਾ ਨੂੰ ਬੁਲਾ ਲਿਆ, ਜਿਸ ਨੂੰ ਮੈਂ ਭਾਈਆ ਆਖਦਾ ਹੁੰਦਾ ਸੀ। ਸੋਹਣ ਸਿੰਘ ਨੇ ਉਸ ਨੂੰ ਆਪਣੇ ਨਾਲ਼ ਹੀ ਕੰਮ ਤੇ ਲੁਆ ਲਿਆ। ਉਹ ਮੇਰੇ ਪਿਤਾ ਨੁੰ ਮਾਮਾ ਆਖਦਾ ਸੀ ਕਿਊਂਕਿ ਉਸ ਦੇ ਨਾਨਕੇ ਧਨੀ ਪਿੰਡ, ਸਾਡੇ ਨਾਲ਼ ਦੇ ਘਰ ਹੀ ਸਨ। ਮੇਰੀ ਤਨਖਾਹ ਨਾਲ਼ੋ-ਨਾਲ਼ ਖਰਚ ਹੋ ਜਾਂਦੀ। ਘਰ ਵਾਲ਼ੀ ਨੇ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਉਸ ਦਾ ਫੁਫੱੜ ਕਹਿਣ ਲੱਗਾ "ਆਪਣੇ ਘਰੀਂ ਤੀਵੀਂਆਂ ਨਹੀਂ, ਮਰਦ ਹੀ ਕੰਮ ਕਰਦੇ ਹਨ।"ਏਨਾ ਕਹਿਣ ਤੇ ਮੇਰੀ ਪਤਨੀ ਨੇ ਉਸਦਾ ਕਿਹਾ ਸਵੀਕਾਰ ਕਰ ਲਿਆ। ਅਸੀਂ ਸਾਰੇ ਉਨਾਂ੍ਹ ਦਾ ਬੜਾ ਸਤਿਕਾਰ ਕਰਦੇ ਸਾਂ। ਮੇਰੇ ਪਿਤਾ ਜੀ ਵੀ ਉਹਨਾਂ ਦੀ ਗੱਲ ਨਹੀਂ ਸਨ ਮੋੜਦੇ। ਉਹ ਜਵਾਨੀ ਦੇ ਵੇਲੇ ਤੋਂ ਹੀ ਪੱਗ-ਵੱਟ ਭਰਾ ਬਣੇ ਹੋਏ ਸਨ।ਆਖ਼ਰ ਅਸੀਂ ਇੱਕ ਕਮਰਾ ਕਿਰਾਏ ਤੇ ਦੇ ਦਿੱਤਾ। ਇਸ ਆਦਮੀ ਦਾ ਪਿੰਡ ਬੁਲੇਨਾ ਸੀ ਅਤੇ ਸੁਨੰੜ ਖੁਰਦ ਵਿਆਹਿਆ ਹੋਇਆ ਸੀ ਜਿਸ ਘਰ ਮੇਰੇ ਬਾਬੇ ਦੇ ਨਾਨਕੇ ਸਨ। ਇਸ ਤਰਾਂ੍ਹ ਮੇਰੇ ਪਿਤਾ ਜੀ ਨੇ ਰਿਸ਼ਤੇਦਾਰੀ ਕੱਢ ਲਈ। ਰਿਵਰ ਰੋਡ ਤੇ ਇੱਕ ਵੇਅਰਹਾਊਸ ਵਿੱਚ ਅਸੀਂ ਇਕੱਠੇ ਕੰਮ ਵੀ ਕਰਦੇ ਰਹੇ ਸਾਂ। ਅਸੀਂ ਬਰੇਕਫਾਸਟ ਤੋਂ ਬਾਦ ਗੱਲਾਂ-ਬਾਤਾਂ ਕਰ ਰਹੇ ਸਾਂ ਕਿ ਸੋਹਣ ਸਿੰਘ ਧਾਰੀਵਾਲ਼ ਵੀ ਆ ਗਿਆ। ਆਉਂਦੇ ਸਾਰ ਹੀ, ਉਹ ਮੇਰੇ ਪਿਤਾ ਵੱਲ ਇਸ਼ਾਰਾ ਕਰਦਿਆਂ ਆਖਣ ਲੱਗਾ-"ਮਾਮੇ ਨੂੰ ਪਤਾ ਨਹੀਂ ਕਿਉਂ ਮਾਮੀ ਤੇ ਨਿਆਣੇ ਏਨੇ ਯਾਦ ਆਉਂਦੇ ਨੇ ? ਚਲੋ ਕਲ੍ਹ ਨੂੰ ਹੀ ਆਪਾਂ ਮਾਮੇ ਤੋਂ ਰਾਹਦਾਰੀ ਬਣਵਾ ਕੇ ਭੇਜ ਦਿੰਦੇ ਹਾਂ, ਤੇ ਦੋ ਕੁ ਮਹੀਨੇ ਦੇ ਅੰਦਰ ਮਾਮੀ ਅਤੇ ਸਾਰੇ ਨਿਆਣੇ ਇੱਥੇ ਆ ਜਾਣਗੇ। ਹਰਜੀਤ ਸਿੰਘ ਦਾ ਡੈਡੀ ਵੀ ਰਾਹਦਾਰੀ ਭੇਜਣ ਲੱਗਾ ਹੈ। ਤੁਸੀਂ ਵੀ ਸਾਰਾ ਟੱਬਰ ਇਕੱਠੇ ਹੋ ਜਾਵੋਗੇ। ਮਾਮਾ ਤੂੰ ਤਾਂ ਬੜਾ ਲੱਕੀ ਏਂ। ਉਹਨਾਂ ਲੋਕਾਂ ਵੱਲ ਵੇਖ ਜਿਹੜੇ ਦਸ-ਬਾਰਾਂ ਸਾਲ ਬਾਦ, ਆਪਣੇ ਦੇਸ਼ ਦਾ ਸਫ਼ਰ ਤਾਂ ਲਾ ਚੁੱਕੇ ਹਨ ਪਰ ਉਹਨਾਂ ਦੇ ਟੱਬਰ ਹਾਲੇ ਵੀ ਇੰਡੀਆ ਵਿੱਚ ਹੀ ਰਹਿ ਰਹੇ ਆ।" "ਪਰ ਉਹਨਾਂ ਨੇ ਜਮੀਨ-ਜਾਇਦਾਦ ਵੀ ਤਾਂ ਬਣਾ ਲਈ ਹੈ।" ਪਿਤਾ ਜੀ ਨੇ ਮੋੜਵਾਂ ਜੁਆਬ ਦਿੱਤਾ।"ਇਹ ਤਾਂ ਮਾਮਾ ਵਕਤ ਹੀ ਦੱਸੂ ਕਿ ਉਸ ਜ਼ਮੀਨ ਦਾ ਕੋਈ ਕੀ ਕਰੇਗਾ! ਜਿਹੜੇ ਇੱਥੇ ਆ ਵਸੇ, ਉਹਨਾਂ 'ਚੋਂ ਕੋਈ ਟਾਵਾਂ ਹੀ ਵਾਪਸ ਜਾ ਸਕੇਗਾ।" ਸੋਹਣ ਨੇ ਜੁਵਾਬ ਦਿੱਤਾ ਅਤੇ ਆਪਣੀ ਗੱਲ ਅੱਗੇ ਜਾਰੀ ਰੱਖੀ "ਇੱਕ ਤਾਂ ਪਤਾ ਨਹੀਂ ਕੌਣ ਮਾਮੇ ਨੂੰ ਪੁੱਠੀਆਂ-ਸਿੱਧੀਆਂ ਪੜ੍ਹਾਉਂਦੇ ਰਹਿੰਦੇ ਆ; ਅਖੇ ਤੇਰੇ ਮੁੰਡੇ ਨੇ ਤਾਂ ਪੱਚੀ ਸਾਲ ਲਈ ਕਰਜ਼ਾ ਲੈ ਰੱਖਿਆ ਹੈ। ਇਹ ਘਰ ਇਸਦਾ ਆਪਣਾ ਥੋੜੈ! ਮਾਮਾ ਘਰ ਉਨਾਂ੍ਹ ਦੇ ਵੀ ਹੈ ਨਹੀਂ, ਉਹਨੀਂ ਵੀ ਕਰਜ਼ਾ ਲੈ ਰੱਖਿਆ ਹੈ। ਮੇਰੇ ਪੰਜ ਸੌ ਪੌੰਡ ਦਾ ਫਿਕਰ ਨਾ ਕਰ, ਐਵੇਂ ਉਨਾਂ੍ਹ ਦੇ ਚੱਕੇ ਚਕਾਏ ਇਹ ਵਸਦਾ-ਰਸਦਾ ਘਰ ਛੱਡ ਕੇ ਵਾਪਸ ਨਾ ਮੁੜ ਜਾਣਾ। ਨਾਲ਼ੇ ਇਹ ਦੱਸ ਪਈ ਉਹ ਆਪ ਵਾਪਸ ਕਿਉਂ ਨਹੀਂ ਜਾਂਦੇ? ਇੰਡੀਆ ਵਿੱਚ ਕੀ ਰੱਖਿਆ ਆ, ਬਤਾਊਂ?" ਸੋਹਣ ਨੇ ਪਿਤਾ ਜੀ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ------!ਇੰਗਲੈਂਡ ਛੱਡ ਕੇ ਭਾਰਤ ਆਉਣ ਬਾਦ, ਜਦੋਂ ਮੈਂ ਕੰਗਣੀਵਾਲ਼ ਰਾਹੀਂ ਜਾਲੰਧਰ ਜਾ ਰਿਹ ਸੀ ਤਾਂ ਅਚਾਨਕ ਮੈਨੂੰ ਸੋਹਣ ਦੇ ਬੋਲ ਯਾਦ ਆਏ, "ਇੰਗਲੈਂਡ ਨੂੰ ਦੁਲੱਤਾ ਮਾਰ ਕੇ ਭਾਰਤ ਤਾਂ ਚਲੇ ਚਲਿਆਂ ਪਰ ਆਖਰ ਤਾਂ ਇੰਗਲੈਂਡ ਨੇ ਹੀ ਸ਼ਰਣ ਦੇਣੀ ਆਂ।" ਕੰਗਣੀਵਾਲ਼ ਸੋਹਣ ਸਿੰਘ ਦਾ ਪਿੰਡ ਹੈ।ਉਸਦੇ ਬੋਲ ਬਿਲਕੁਲ ਸੱਚੇ ਨਿਕਲੇ, ਹੁਣ ਸੋਚਦਾ ਹਾਂ ਕਿ ਮੈਨੂੰ ਇੰਗਲੈਂਡ ਨੇ ਬਚਾ ਲਿਆ, ਨਹੀਂ ਤਾਂ ਭਾਰਤ ਵਿੱਚ ਰਹਿੰਦਿਆਂ ਗਰੀਬੀ ਨੇ ਖਾ ਜਾਣਾ ਸੀ।ਇੱਕ ਦਿਨ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਛੋਟੇ ਭਰਾ ਕੁਲਤਾਰ ਸਿੰਘ ਨੂੰ ਮਿਲਣ ਦਾ ਸਬੱਬ ਬਣਿਆਂ ਤਾਂ ਮੈਂ ਉਸ ਨੂੰ ਸਾਰੀ ਨਿੱਜੀ ਕਹਾਣੀ ਤੋਂ ਜਾਣੂ ਕਰਵਾਇਆ । ਉਸ ਨਸੀਅਤ ਵਜੋਂ ਆਖਿਆ, ਦੇਖ ਗ਼ਲਤੀ ਜੋ ਹੋ ਗਈ ਸੋ ਹੋ ਗਈ। ਕਿਸੇ ਦਿਨ ਆਵੀਂ ਤੇ ਵੇਖੀਂ ਆਪਣੀ ਆਂਟੀ ਨੂੰ, ਆਖਰ ਤਾਂ ਜੱਟੀ ਆ, ਖੇਤੀ ਦੇ ਨਿੱਕੇ-ਮੋਟੇ ਕੰਮ ਆਪ ਹੀ ਕਰ ਲੈਂਦੀ ਆ ਜਿਵੇਂ ਨੱਕਾ ਮੋੜਨਾ ਪਵੇ ਤਾਂ।""ਪਰ ਅਸੀਂ ਕਦੇ ਖੇਤੀ ਕੀਤੀ ਹੀ ਨਹੀਂ। ਪਿਓ ਮੇਰਾ ਇਕੱਲਾ ਹੈ, ਖੇਤੀ ਤਿੰਨ-ਚਾਰ ਬੰਦਿਆਂ ਦਾ ਕੰਮ ਹੈ। ਇਸ ਕਰਕੇ ਉਹ ਦੋ ਮੱਝਾਂ ਰੱਖਕੇ ਪੱਠੇ ਪਾ ਛੱਡਦਾ ਸੀ।""ਹੁਣ ਮਸ਼ੀਨੀ ਖੇਤੀ ਹੈ, ਇਹ ਕੋਈ ਵੀ ਕਰ ਸਕਦਾ ਹੈ। ਤੂੰ ਥੋੜੇ ਚਿਰ 'ਚ ਆਪੇ ਸਿੱਖ ਜਾਣਾ ਏ। ਨਾਲ਼ੇ ਹੁਣ ਤਾਂ ਤੁਸੀਂ ਤਿੰਨ ਜਣੇ ਆਂ, ਤੇਰਾ ਛੋਟਾ ਭਰਾ ਗਭਰੂ ਆ।" ਉਸ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਸ ਵਕਤ ਦੋ ਸਾਲ ਦੇ ਸਮੇਂ ਅੰਦਰ ਪਾਸਪੋਰਟ 'ਤੇ ਮੋਹਰ ਲੁਆਉਣ ਲਈ ਵਾਪਸ ਇੰਗਲੈਂਡ ਆਉਣਾ ਪੈਂਦਾ ਸੀ। ਮੈਂ ਇੱਕ ਵਾਰੀ ਫਿਰ ਉਸੇ ਰੱਬ ਵਰਗੇ ਦੋਸਤ ਦੇ ਘਰ ਵਿੱਚ ਕਿਰਾਏਦਾਰ ਬਣਿਆਂ ਤੇ ਕਮਰਾ ਵੀ ਉਹੀ ਸੀ। ਤੀਜੀ ਵੱਡੀ ਗ਼æਲਤੀ ਫਿਰ ਹੋ ਗਈ ਜਾਂ ਕਰਵਾਈ ਗਈ ਸੀ, ਹਾਲਾਂਕਿ ਮੇਰੇ ਪਿਤਾ ਨੇ ਚਿੱਠੀ ਵਿੱਚ ਸਾਫ ਲਿਖ ਦਿੱਤਾ ਸੀ ਕਿ ਉਹਨਾਂ ਨੂੰ ਦੱਸ ਦੇ ਕਿ ਜੇ ਉਹ ਭਾਰਤ ਨਹੀਂ ਆ ਸਕਦੇ ਤਾਂ ਨਾ ਸਹੀ; ਪਰ ਮੈਂ ਉਹ ਚਿੱਠੀ ਵਿਖਾ ਨਹੀਂ ਸਕਿਆ ਜੋ ਗੁੱਸੇ ਵਿੱਚ ਆ ਕੇ ਖੁੰਡੇ ਲਫਜ਼ਾਂ ਵਿੱਚ ਲਿਖੀ ਹੋਈ ਸੀ। ਸੋਚਿਆ ਪਿਤਾ ਜੀ ਵਲੋਂ ਲਿਖੀ ਅਜਿਹੀ ਸ਼ਬਦਾਵਲੀ ਉਸ ਪ੍ਰਤੀ ਸਤਿਕਾਰ ਘਟਾ ਸਕਦੀ ਹੈ, ਬੱਸ ਮੇਰੀ ਇਹੋ ਸੋਚ ਮੇਰੀ ਪਰੇਸ਼ਾਨੀ ਨੂੰ ਜਨਮ ਦੇ ਗਈ ਸੀ। ਆਖਰ ਦੁਬਾਰਾ ਮੇਰੀ ਘਰ ਲੈਣ ਦੀ ਮਜਬੂਰੀ, ਹਵਾਈ ਟਿਕਟਾਂ ਅਤੇ ਛੋਟੀ ਭੈਣ ਦੇ ਵਿਆਹ ਦੇ ਖਰਚ ਵਲ ਵੇਖਦਿਆਂ, ਕੁੱਝ ਦੋਸਤਾਂ ਨੇ ਝੱਟ-ਪੱਟ ਪੈਸੇ ਤਾਂ ਇਕੱਠੇ ਕਰਕੇ ਮੇਰੇ ਅੱਗੇ ਰੱਖ ਦਿੱਤੇ। ਮੈਂ ਪਰਵਾਨ ਵੀ ਕਰ ਲਏ ਪਰ ਅੰਦਰੋਂ ਸ਼ਰਮਸਾਰ ਵੀ ਸਾਂ। ਮੇਰੇ ਰੱਬ ਵਰਗੇ ਦੋਸਤ ਨੇ ਮੇਰਾ ਹੌਸਲਾ ਬੁਲੰਦ ਕਰਨ ਲਈ ਆਖਿਆ"ਔਕੜਾਂ ਵਿੱਚ ਹੌਸਲਾ ਨਹੀਂ ਹਾਰੀਦਾ, ਜ਼ਿੰਦਗੀ ਹੈ ਨਾਮ ਤੁਰਦੇ ਰਹਿਣ ਦਾ।"ਵਿਆਹ ਤੋਂ ਪਹਿਲਾਂ, ਹਰ ਹਾਲਤ ਵਿੱਚ ਪ੍ਰਵਾਰ ਦਾ ਆਉਣਾ ਜ਼ਰੂਰੀ ਸੀ। ਵੀਜ਼ੇ ਲਈ ਮੈਂ ਸਿੱਧਾ ਦਿੱਲੀ ਪਹੁੰਚਾ ਤੇ ਫਿਰ ਦਿੱਲੀ ਤੋਂ ਸਹਾਰਨਪੁਰ ਰਾਹੀਂ ਆਪਣੇ ਘਰ। ਫਾਰਮ ਦੇ ਵਿੱਚ ਹੀ ਸਾਡੀ ਰਿਹਾਇਸ਼ ਸੀ। ਉਸ ਵੇਲੇ ਅੰਕਲ ਕੁਲਤਾਰ ਸਿੰਘ ਸਟੇਟ ਮਨਿਸਟਰ ਸਨ। ਮਾਤਾ ਜੀ ਨੂੰ ਕੁੱਝ ਸਾਲ ਪਹਿਲਾਂ ਹੀ ਗਿਆਨੀ ਜ਼ੈਲ ਸਿੰਘ ਨੇ ਰਾਜ-ਮਾਤਾ ਦੇ ਖਿਤਾਬ ਨਾਲ਼ ਸਨਮਾਨਿਆਂ ਸੀ, ਅਤੇ ਨਾਲ਼ ਕਾਰ ਵੀ ਭੇਂਟ ਕੀਤੀ ਸੀ। ਉਹਨਾਂ ਦੇ ਬੇਟੇ ਨੇ ਸਹਾਰਨਪੁਰ ਵਿਖੇ ਹੀ ਵਕਾਲਤ ਸ਼ੁਰੂ ਕੀਤੀ ਸੀ।ਇੰਗਲੈਂਡ ਪਰਤਣ ਤੋਂ ਇੱਕ ਦਿਨ ਪਹਿਲਾਂ, ਮੈਂ ਆਪਣੀ ਪਤਨੀ ਨਾਲ਼ ਉਹਨਾਂ ਦੇ ਫਾਰਮ ਹਾਊਸ ਵਿਖੇ ਗਿਆ ਜਿੱਥੇ ਉਂਨਾਂ੍ਹ ਦੀ ਰਹਾਇਸ਼ ਸੀ। ਉਹਨਾਂ ਦਾ ਫਾਰਮ ਸ਼ਹਿਰ ਦੇ ਬਿਲਕੁਲ ਨਾਲ਼ ਲਗਦਾ ਸੀ। ਉਸ ਦਿਨ ਕੋਈ ਸਿਆਸੀ ਇਕੱਠ ਹੋਣ ਕਰਕੇ ਮੈਂ ਉਹਨਾਂ ਦਾ ਬਹੁਤਾ ਸਮਾਂ ਨਹੀਂ ਲੈਣਾ ਚਾਹਿਆ, ਸਿਰਫ ਏਨਾ ਹੀ ਆਖ ਸਕਿਆ-"ਅੰਕਲ ਜੀ ਮੈਨੂੰ ਪਤਾ ਅੱਜ ਤੁਸੀਂ ਬਿਜ਼ੀ ਹੋ, ਅਸੀਂ ਕਲ੍ਹ ਨੂੰ ਵਾਪਸ ਚਲੇ ਜਾਣਾ, ਵੱਡੀ ਭੈਣ ਜੀ ਲਈ ਕੋਈ ਸੁਖ ਸੁਨੇਹਾ?"ਸਾਨੂੰ ਬਿਠਾ ਕੇ, ਉਹ ਆਪਣੀ ਛੋਟੀ ਬੇਟੀ ਬਬਲੀ ਨੂੰ ਸਾਡੇ ਕੋਲ ਭੇਜ ਗਏ। ਉਹ ਸਾਡੇ ਨਾਲ਼ ਗੱਲਾਂ ਕਰਦੀ ਰਹੀ 'ਤੇ ਨਾਲ਼ ਹੀ ਆਪਣੀ ਵੱਡੀ ਭੈਣ ਨੂੰ ਭੇਜਣ ਲਈ ਗ੍ਰਾਮੋਫੋਨ ਦੇ ਰਿਕਾਰਡ ਚੁਣਦੀ ਰਹੀ। ਲੰਡਨ ਵਿੱਚ ਬਬਲੀ ਦੇ ਜੀਜਾ ਜੀ, ਬੀ ਬੀ ਸੀ ਵਰਲਡ ਸਰਵਿਸ ਵਿੱਚ ਕੰਮ ਕਰਦੇ ਸਨ ਅਤੇ ਨੌਰਥ ਹੈਰੋ ਵਿਖੇ ਰਹਿੰਦੇ ਸਨ। ਚਾਹ-ਪਾਣੀ ਪੀ ਕੇ ਅਸੀਂ ਵਿਦਾ ਲਈ ਅਤੇ ਆਪਣੇ ਘਰ ਵੱਲ ਚਲ ਪਏ ਜੋ ਕੁੱਝ ਮੀਲ ਦੀ ਦੂਰੀ ਤੇ ਸੀ।ਲੰਡਨ ਪਹੁੰਚ ਕੇ, ਅਸੀਂ ਪਰਵਾਸ ਦੀਆਂ ਮਜ਼ਬੂਰੀਆਂ ਅਤੇ ਘਰੇਲੂ ਸਮਸਿਆਵਾਂ ਨੂੰ ਸੁਲਝਾਣ ਵਿੱਚ ਰੁਝ ਗਏ। ਭੈਣ ਦੇ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ । ਵਿਆਹ ਵਾਸਤੇ ਮੇਰੀ ਪਤਨੀ ਦੀ ਭੂਆ ਦੇ ਮੁੰਡੇ ਨੇ, ਆਪਣੀ ਰਿਸ਼ਤੇਦਾਰੀ ਦੇ ਵਿਸ਼ਾਲ ਦਾਇਰੇ ਦੇ ਹਿਸਾਬ ਨਾਲ,æ ਮੈਨੂੰ ਵੀ 750 ਪੌਂਡ ਦੀ ਸ਼ਰਾਬ ਖਰੀਦ ਦਿੱਤੀ। ਸ਼ਰਾਬ ਸਿਰਫ 30 ਪੌੰਡ ਦੀ ਲੱਗੀ ਅਤੇ ਬਾਕੀ ਸਾਰੀ ਬਚ ਗਈ। ਜੰਜ ਤਾਂ ਪਹਿਲਾਂ ਹੀ ਸ਼ਰਾਬੀ ਹੋ ਕੇ ਆਈ ਸੀ। ਇੱਕ ਦਿਨ, ਮੈਂ ਕਾਰ ਵਾਲ਼ੇ ਇੱਕ ਰਿਸ਼ਤੇਦਾਰ ਨੂੰ ਪੁੱਿਛਆ ਕਿ ਅਗਰ ਇਹ £720 ਦੀ ਸ਼ਰਾਬ £600 ਵਿੱਚ ਵੀ ਵਾਪਸ ਕਰ ਲੈਣ ਤਾਂ ਵੀ ਚੰਗਾ ਏ ਕਿਉਂਕਿ ਉਸ ਵਕਤ ਦਾ £600, ਅੱਜ ਦੇ ਚਾਲ਼ੀ ਹਜ਼ਾਰ ਪੌਂਡ ਦੇ ਬਰਾਬਰ ਸੀ। ਪਰ ਉਹ ਟਾਲ਼-ਮਟੋਲ਼ ਕਰ ਗਿਆ। ਮੈਂ ਕੰਮ ਤੋਂ ਸੱਤ ਵਜੇ ਘਰ ਪੁਹੰਚਦਾ ਹੁੰਦਾ ਸੀ ਤੇ ਉਹ ਨਾਲ਼ ਇੱਕ ਹੋਰ ਬੰਦੇ ਨੂੰ ਲੈ ਕੇ, ਪੰਜ ਵਜੇ ਮੇਰੇ ਘਰ ਪਹੁੰਚਕੇ ਪੀਣੀ ਸ਼ੁਰੂ ਕਰ ਦਿੰਦੇ ਸਨ ਤੇ ਰਾਤ ਦੇ ਦਸ-ਗਿਆਰਾਂ ਵਜੇ ਤੋਂ ਪਹਿਲਾਂ ਉੱਠ ਕੇ ਨਹੀਂ ਸਨ ਜਾਂਦੇ। ਮੈਂ ਸਵੇਰੇ ਕੰਮ ਤੇ ਜਾਣ ਲਈ ਪੰਜ ਵਜੇ ਬੱਸ ਫੜਨੀ ਹੁੰਦੀ ਸੀ। ਮੈਂ ਬਿਸਤਰੇ ਵਿੱਚ ਜਾਣ ਵਾਸਤੇ ਘੜੀ ਦੀਆਂ ਸੂਈਆਂ ਵੱਲ ਘੂਰਦਾ ਰਹਿੰਦਾ ਸੀ। ਰੱਬ ਵਰਗੇ ਇਨਸਾਨ ਦੇ ਨਾਲ਼ ਮੈਨੂੰ, ਇਸ ਤਰਾਂ੍ਹ ਦੇ ਕਈ ਸ਼ੈਤਾਨ ਵੀ ਮਿਲੇ ਹਨ। ਰੱਬ ਉਨਾਂ੍ਹ ਦਾ ਵੀ ਭਲਾ ਕਰੇ। ਮੇਰਾ ਛੋਟਾ ਭਰਾ ਮੋਹਣ ਸਿੰਘ, ਜੋ ਨਵਾਂ-ਨਵਾਂ ਕਨੇਡਾ ਗਿਆ ਸੀ, ਉਸਨੇ ਮੈਨੂੰ 500 ਡਾਲਰ ਭੇਜੇ ਸਨ; ਇਸਦੇ 300 ਪੌਂਡ ਬਣੇ ਸਨ। ਉਸ ਵੇਲੇ, ਇਹ ਸਹਾਇਤਾ ਮੇਰੇ ਲਈ ਅਰਥ ਰੱਖਦੀ ਸੀ। ਵਿਆਹ ਵਾਲੇ ਦਿਨ, ਔਰਤਾਂ ਨੂੰ ਹਾਲ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਇਸ ਕਰਕੇ, ਉਹਨਾਂ ਨੂੰ ਘਰ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ। ਖਾਣ-ਪੀਣ ਦਾ ਸਭ ਸਮਾਨ ਹਾਲ ਵਿੱਚ ਪਹੁੰਚ ਚੱਕਾ ਸੀ। ਇਸ ਸਥਿਤੀ ਨੂੰ ਮੱਦੇ-ਨਜ਼ਰ ਰੱਖਦਿਆਂ, ਸੋਹਣ ਸਿੰਘ ਧਾਰੀਵਾਲ ਨੇ ਸਲਾਹ ਦਿੱਤੀ, "ਕਿਉਂ ਨਾ ਆਪਾਂ ਇੱਕ ਦੋ ਕਾਰਾਂ ਵਾਲਿਆਂ ਨੂੰ ਕਹੀਏ ਕਿ ਔਰਤਾਂ ਲਈ ਖਾਣਾ ਘਰ ਲੈ ਜਾਣ। ਉਹ ਵਿਚਾਰੀਆਂ ਉੱਥੇ ਭੁੱਖੀਆਂ ਬੈਠੀਆਂ ਹੋਣਗੀਆਂ।"ਉਸ ਨੇ ਇੱਕ ਦੋ ਬੰਦਿਆਂ ਨਾਲ਼ ਗੱਲ ਕੀਤੀ ਪਰ ਉਹ ਦੀਦਾਰ ਸਿੰਘ ਪਰਦੇਸੀ ਨੂੰ ਸੁਣਨ ਅਤੇ ਖਾਣ-ਪੀਣ ਵਿੱਚ ਰੁਝੇ ਰਹੇ।"ਜਾਹ ਜਾ ਕੇ ਤੂੰ ਕਹਿ ਕੇ ਆ" ਸੋਹਣ ਨੇ ਬੇਬਸੀ ਵਿੱਚ ਆਖਿਆ। ਪਰ ਮੈਂ ਹਿਰਖ ਦੇ ਅਹਿਸਾਸ ਨਾਲ਼ ਭਰਿਆ ਰਿਹਾ। ਮਨੋ-ਮਨੀ ਪਛਤਾ ਰਿਹਾ ਸਾਂ ਕਿ ਅਗਰ ਮੈਂ ਵੀ ਟੈਸਟ ਪਾਸ ਕਰਕੇ, ਔਖੇ-ਸੌਖੇ ਕੋਈ ਟੁੱਟੀ-ਫੁੱਟੀ ਕਾਰ ਖਰੀਦੀ ਹੁੰਦੀ ਤਾਂ ਅੱਜ ਅਜਿਹੇ ਲੋਕਾਂ ਅੱਗੇ ਤਰਲੇ ਨਾ ਪਾਉਣੇ ਪੈਂਦੇ।"ਬੁੜ੍ਹੀਆਂ ਤਾਂ ਸਾਰੀਆਂ ਭੁਖੀਆਂ ਹੀ ਚਲੇ ਗਈਆਂ, ਹੁਣ ਇਸ ਖਾਣੇ ਦਾ ਕੀ ਕਰੀਏ?" ਸੋਹਣ ਨੇ ਮੇਰੇ ਵੱਲ ਵੇਖਦਿਆਂ ਪੁੱਿਛਆ।"ਜੀਤ ਲਾਲੀ ਜਾਂ ਰੇਸ਼ਮ ਨੂੰ ਪੁੱਛਦੇ ਆਂ, ਜੇ ਉਹ ਕਾਰਾਂ ਵਿੱਚ ਰੱਖ ਕੇ ਕਿਤੇ ਸੁੱਟ ਆਉਣ! ਈਸਟਹੈਮ ਕੌਂਸਲ ਦਾ ਜਿੱਥੇ ਕੂੜਾ ਸੁਟਿੱਆ ਜਾਂਦਾ।" ਮੈਂ ਸਲਾਹ ਦਿੱਤੀ।"ਜੀਤ ਤਾਂ ਖਿਸਕ ਗਿਆ ਲਗਦਾ, ਰੇਸ਼ਮ ਨੂੰ ਪੁੱਛਦੇ ਆਂ" ਸੋਹਣ ਦਾ ਮਸ਼ਵਰਾ ਸੀ।ਅਸੀਂ ਰੇਸ਼ਮ ਨੂੰ ਕਿਹਾ ਕਿ ਪਹਿਲਾਂ ਤੂੰ ਮੀਟ ਸੁੱਟ ਆ। ਤੇਰੇ ਵਾਪਸ ਆਉਣ ਤੱਕ ਅਸੀਂ ਦਾਲ਼ ਤੇ ਰੈਤਾ, ਥੋੜਾ-ਥੋੜਾ ਕਰਕੇ ਟਾਇਲਟ ਵਿੱਚ ਸੁੱਟ ਕੇ ਫਲੱਸ਼ ਕਰੀ ਜਾਨੇ ਆਂ। ਪੂਰਾ ਡੇੜ ਘੰਟਾ ਹੋ ਗਿਆ ਜਦੋਂ ਉਹ ਵਾਪਿਸ ਨਾ ਅਇਆ ਤਾਂ ਸੋਹਣ ਨੇ ਅਨੁਮਾਨ ਲਾਇਆ,"ਮੈਨੂੰ ਲਗਦੈ ਉਹ ਜਾਣ-ਪਹਿਚਾਣ ਵਾਲ਼ੇ ਘਰੀਂ ਵੰਡਣ ਲੱਗ ਪਿਆ ਹੋਣਾ। ਇਹਦੇ ਨਾਲੋæ ਤਾਂ ਜਿਹੜੀਆਂ ਦਸ-ਬਾਰਾਂ ਬੁੜ੍ਹੀਆਂ ਇੱਥੌਂ ਗਈਆਂ ਸਨ, ਉਨਾਂ੍ਹ ਨੂੰ ਦੇ ਦੇਣਾ ਸੀ। ਕਈ ਕਾਰਾਂ ਵਾਲੇ ਵੀ ਸਨ।""ਐਵੇਂ ਸੋਚਣਗੇ ਕਿ ਅਸੀਂ ਕੋਈ ਮੀਟ- ਸਮੋਸਿਆਂ ਦੇ ਭੁੱਖੇ ਆਂ, ਫਿਰ ਆਪਾਂ ਹੀ ਸ਼ਰਮਿੰਦੇ ਹੋਣਾ ਸੀ।""ਇਹ ਸਿਰਫ ਤੇਰੀ ਸੋਚ ਆ, ਉਹਨਾਂ ਦੀ ਨਹੀਂ। ਉਹਨਾਂ ਨੇ ਤਾਂ ਖੁਸ਼ੀ-ਖੁਸ਼ੀ ਸਭ ਕੁੱਝ ਲੈ ਜਾਣਾ ਸੀ।"ਕੁੱਝ ਸਾਲਾਂ ਬਾਦ, ਕਰਜ਼ਿਆਂ ਤੋਂ ਥੋੜਾ ਸੁਰਖਰੂ ਹੋ ਕੇ, ਮੈਂ ਇਲਫਰਡ ਵਿੱਚ ਘਰ ਲੈਣ ਦਾ ਸੁਪਨਾ ਵੇਖਣ ਲੱਗਾ ਸੀ। ਲੋਕੀ ਅਰਦਾਸ ਕਰਕੇ ਤਾਂ ਸਭ ਦੇ ਭਲੇ ਦੀ ਗੱਲ ਕਰਦੇ ਹਨ ਪਰ ਅਸਲ ਵਿੱਚ ਹਰ ਕੋਈ ਆਪਣਾ ਹੀ ਭਲਾ ਚਾਹੁੰਦਾ ਹੈ। ਮੈਂ ਆਪਣੇ ਦਿਲ ਦੀ ਹਸਰਤ ਧਾਰੀਵਾਲ ਨਾਲ਼ ਸਾਂਝੀ ਕੀਤੀ ਤਾਂ ਉਹ ਕਹਿਣ ਲੱਗਾ-" ਜੇ ਇਹ ਘਰ ਖੁੰਝ ਗਿਆ ਤਾਂ ਹੋਰ ਬਥੇਰੇ। ਪਰ ਜੇ ਤੇਰੀ ਨਜ਼ਰ ਇਸ 'ਤੇ ਹੀ ਟਿਕੀ ਹੋਈ ਏ ਤਾਂ 24 ਹਜ਼ਾਰ ਮੇਰਾ ਬਿਲਡਿੰਗ ਸੁਸਾਇਟੀ ਵਿੱਚ ਪਿਆ, ਤਿੰਨ-ਚਾਰ ਦਾ ਬੰਦੋਬਸਤ ਕਰ ਕੇ ਆਪਾਂ ਕੈਸ ਹੀæ ਲੈ ਲੈਂਦੇ ਹਾਂ। ਬਾਦ ਵਿੱਚ ਮੌਰਗੇਜ ਲੈਂਦੇ ਰਹਾਂਗੇ । ਪਰ ਤੂੰ ਇਸ ਘਰ ਲਈ ਏਨਾ ਉਤਾਵਲਾ ਕਿਉਂ ਏ?""ਦੇਖ ਦੋ ਨੰਬਰ ਅਤੇ ਅਠਾਈ ਨੰਬਰ ਵਿੱਚ ਬਹੁਤਾ ਫਰਕ ਨਹੀਂ। ਦੋ ਨੰਬਰ ਬਲਬੀਰ ਸਿੰਘ ਕੰਵਲ ਲੈ ਰਿਹੈ; ਇੱਕ ਦੂਜੇ ਦੇ ਨੇੜੇ ਰਹਿੰਦਿਆਂ ਸਾਡੀ ਸਾਹਿਤੱਕ ਭੁੱਖ ਪੂਰੀ ਹੁੰਦੀ ਰਹੇਗੀ।""ਪਰ ਤੁਹਾਡੇ ਸ਼ੌਕ ਇੱਕ-ਦੂਜੇ ਨਾਲੋਂ ਕਾਫੀ ਵੱਖਰੇ ਲਗਦੈ, ਯਾਰੀ ਨਿਭੇਗੀ?""ਯਾਰ, ਜਦ ਆਪਣਾ ਲਾਈਫ-ਸਟਾਈਲ ਆਪਣੀਆਂ ਪਤਨੀਆਂ ਨਾਲ਼ ਨਹੀਂ ਮਿਲਦਾ, ਜਿਨਾਂ੍ਹ ਨਾਲ਼ ਚੌਵੀ ਘੰਟੇ ਰਹਿੰਨੈ ਆਂ, ਉਸ ਨਾਲ਼ ਤਾਂ ਸਿਰਫ ਸ਼ਾਮ ਨੂੰ ਦੋ ਘੰਟੇ ਬੈਠਣ ਲਈ ਮਿਲਿਆ ਕਰਨੇ ਆਂ, ਉਹ ਪੀਂਦੇ-ਪਿਲਾਂਦੇ ਪੌਣੇ ਘੰਟੇ ਵਾਂਗ ਗੁਜ਼ਰ ਜਾਇਆ ਕਰਨੇ ਆਂ।" ਮੈਂ ਮਖੌਲ ਕਰਦਿਆਂ ਆਖਿਆ।"ਚਲੋ ਜਿਵੇਂ ਤੂੰ ਖੁਸ਼ ਏਂ।"ਸੋਹਣ ਸਿੰਘ ਉਸ ਵੇਲੇ ਫੋਰਡ ਮੋਟਰ ਕੰਪਨੀ ਵਿੱਚ ਰਾਤਾਂ ਤੇ ਕੰਮ ਕਰਦਾ ਸੀ। ਜਦੋਂ ਉਹ ਚਲੇ ਗਿਆ ਤਾਂ ਮੈਂ ਹੈਰਾਨੀ ਨਾਲ਼ ਆਪਣੇ ਦੋਸਤ ਜੀਤ ਲਾਲੀ ਨੂੰ ਦੱਸਿਆ ਕਿ ਬਿਨਾ ਕਿਸੇ ਲਿਖਤ ਦੇ ਇਹ ਬੰਦਾ ਮੈਨੂੰ ਪੈਸੇ ਦੇ ਰਿਹਾ ਹੈ। ਕਲ੍ਹ ਨੂੰ ਜੇ ਭਲਾ ਕੋਈ ਮੁਕੱਰ ਜਾਵੇ ਤਾਂ ਇਹ ਉਸ ਦੀ ਕੀ ਪੂਛ ਫੜ ਲਊ!ਬੀਅਰ ਦਾ ਅੱਧਾ ਗਲਾਸ ਪੀ ਕੇ, ਉਹ ਡੂੰਘਾ ਜਿਹਾ ਸਾਹ ਭਰ ਕੇ ਬੋਲਿਆ, "ਪੂਛ ਫੜਨ ਤੱਕ ਗੱਲ ਹੀ ਨਹੀਂ ਜਾਣੀ, ਹੋਰ ਕਿਸੇ ਨੂੰ ਉਹ ਦੇ ਨਹੀਂ ਸਕਦਾ। ਤੇਰੇ ਤੇ ਉਸ ਨੂੰ ਰੱਬ ਵਰਗਾ ਭਰੋਸਾ ਹੈ। ਇਹ ਨਾ ਸਮਝ ਕਿ ਇਹ ਪੈਸੇ ਉਸ ਨੇ ਤੈਨੂੰ ਦੇਣੇ ਹਨ, ਸਗੋਂ ਤੇਰੇ ਮਨ ਅੰਦਰ ਵਸਦੇ ਇਨਸਾਨ ਦੀ ਪਛਾਣ ਕਰ ਕੇ ਉਸ ਨੂੰ ਦੇ ਰਿਹੈ" ਸੋਚਦਾ ਹਾਂ ਕਿ ਅੱਜ ਉਹੀ ਘਰ ਚਾਰ ਲੱਖ ਦਾ ਹੈ। ਤੇ ਸਮਝੋ ਅੱਜ ਦਾ ਇੱਕ ਲੱਖ ਪੌੰਡ, ਜਿਹੜਾ ਉਹ ਬਿਨਾ ਕਿਸੇ ਲਿਖਤ-ਪੜ੍ਹਤ ਦੇ ਮੈਨੂੰ ਦੇ ਰਿਹਾ ਸੀ। ਸੋਚਦਾ ਹਾਂ ਅਜੋਕੇ ਦੌਰ ਵਿੱਚ ਤਾਂ ਕੋਈ ਬੰਦਾ, ਆਪਣੇ ਸਕੇ ਭਰਾ ਨੂੰ ਵੀ ਏਦਾਂ ਪੰਜ-ਸੱਤ ਹਜ਼ਾਰ ਦੇਣ ਲਈ ਤਿਆਰ ਨਹੀਂ ਹੋ ਸਕਦਾ!ਮੇਰਾ ਸਾਰਾ ਘਰ ਉਸਨੇ ਹੀ ਮੁਰੰਮਤ ਅਤੇ ਡੈਕੋਰੇਟ ਕੀਤਾ ਸੀ। ਉਸਦੇ ਨਾਲ਼ ਉਸ ਦਾ ਰਿਸ਼ਤੇਦਾਰ ਪ੍ਰੀਤਮ ਹੁੰਦਾ ਸੀ ਜੋ ਮੇਰੇ ਲਈ ਵੀ, ਦੋਸਤਾਂ ਵਰਗਾ ਹੀ ਸੀ । ਉਸ ਨੂੰ ਹੀ ਮੈਂ ਆਪਣਾ ਪਹਿਲਾ ਘਰ ਵੇਚਿਆ ਸੀ, ਜਿੰਨੇ ਦਾ ਮੈਂ ਲਿਆ ਸੀ ਬਿਲਕੁਲ ਉਸੇ ਕੀਮਤ ਉੱਤੇ। ਇੱਕ ਦਿਨ ਅਸੀਂ ਸ਼ਾਮ ਨੂੰ ਘਰ ਬੈਠੇ ਬੀਅਰ-ਬੱਤਾ ਪੀਣ ਦੀ ਤਿਆਰੀ ਵਿੱਚ ਸਾਂ ਕਿ ਅਚਾਨਕ ਦਰਵਾਜੇ 'ਤੇ ਦਸਤਕ ਹੋਈ। ਇਨਸ਼ੁæੁਰੈਂਸ ਕਰਨ ਵਾਲ਼ਾ ਇਕ ਏਜੰਟ ਸਾਨੂੰ ਪੈਨਸ਼ਨ ਦੀ ਪਾਲਿਸੀ ਸਮਝਾਉਣ ਲੱਗਾ,"ਵੇਖੋ ਸੱਠ ਸਾਲ ਦੀ ਉਮਰ ਬਾਦ ਤੁਹਾਡੀ ਪੈਨਸ਼ਨ ਇਤਨੀ ਵਧ ਜਾਣੀ ਹੈ!" ਮੈਂ ਸੋਹਣ ਨੂੰ ਸੈਨਤ ਮਾਰੀ ਕਿ ਇਸ ਨੂੰ ਟਰਕਾ ਦੇਣਾ ਹੀ ਚੰਗਾ ਹੈ, ਐਵੇਂ ਟਾਈਮ ਵੇਸਟ ਹੋ ਰਿਹੈ। ਸੋਹਣ ਉਸ ਨੂੰ ਕਹਿਣ ਲੱਗਾ, "ਜੇ ਅਸੀਂ ਇਸੇ ਤਰ੍ਹਾਂ ਪੀਂਦੇ ਰਹੇ ਤਾਂ ਸੱਠ ਸਾਲ ਤੱਕ ਅਸੀਂ ਤਾਂ ਹੋਣਾ ਨਹੀਂ, ਫਿਰ ਇਹ ਪੈਨਸ਼ਨ ਪਾਲਿਸੀ ਲੈਣ ਦਾ ਸਾਨੂੰ ਕੀ ਫਾਇਦਾ?" ਬੰਦਾ ਸਮਝਦਾਰ ਸੀ, ਉਹ ਬਿਨਾਂ ਕੁੱਝ ਕਹੇ, ਇੱਕ ਭਾਰਾ ਜਿਹਾ ਪੈਗ ਪੀ ਕੇ ਚਲੇ ਗਿਆ।ਦੋ ਕੁ ਲੰਡੂ ਜਿਹੇ ਪੈਗ ਲਾਉਣ ਬਾਦ, ਸੋਹਣ ਆਪਣਾ ਗਲਾਸ ਅੱਗੇ ਕਰਦਾ ਹੋਇਆ ਬੋਲਿਆ,"ਪਾ ਯਾਰ ਫਿਰ ਘੁੱਟ, ਕਲ੍ਹ ਦੀ ਛੁੱਟੀ ਆ ਕਿਹੜਾ ਸਵੇਰੇ ਵੇਲੇ ਸਿਰ ਉਠੱਣਾ।" ਏਨੇ ਨੂੰ ਪਰੀਤਮ ਅਤੇ ਜੀਤ ਲਾਲੀ ਵੀ ਆ ਗਏ। ਭਾਰਤ ਵਿੱਚ ਬਿਤਾਏ ਦਿਨਾਂ ਦੀਆਂ ਗੱਲਾਂ ਚਲ ਪਈਆਂ; ਸੰਯੁਕਤ ਪ੍ਰਵਾਰਾਂ ਅਤੇ ਘਰੇਲੂ ਤੰਗੀਆਂ-ਤੁਰਸ਼ੀਆਂ ਦੀਆਂ, ਕਿਸਾਨੀ ਜ਼ਿੰਦਗੀ ਦੀਆਂ। ਯਾਦ ਨਹੀਂ ਕਿਹੜੀ ਗੱਲ ਤੋਂ, ਸੋਹਣ ਨੇ ਆਪਣਾ ਗਲਾਸ ਇੱਕ ਦਮ ਖਾਲੀ ਕਰਦਿਆਂ ਕਿਹਾ,"ਯਾਰ ਕੀ ਗੱਲ ਕਰਦੇ ਹੋ? ਦੁਸ਼ਮਣ ਸਾਰੇ ਕਿਤੇ ਬਾਹਰ ਹੀ ਤਾਂ ਨਹੀਂ ਹੁੰਦੇ, ਘਰਾਂ ਵਿੱਚ ਵੀ ਹੁੰਦੇ ਆ।"ਚੁੱਪ-ਚਾਪ ਕੁੱਝ ਕੁ ਪਲਾਂ ਲਈ, ਉਹ ਮੇਜ਼ ਵੱਲ ਵੇਖਦਾ ਰਿਹਾ ਜਿਵੇਂ ਉਸਦੀਆਂ ਅੱਖਾਂ ਨਮ ਹੋ ਗਈਆਂ ਹੋਣ! ਪੀ੍ਰਤਮ ਮੇਰੇ ਕੰਨ ਕੋਲ਼ ਮੂੰਹ ਕਰਕੇ ਕਹਿਣ ਲੱਗਾ,"ਮੈਨੂੰ ਲਗੱਦੈ ਇਸ ਨੂੰ ਆਪਣੇ ਬਾਪ ਦਾ ਚੇਤਾ ਆ ਗਿਆ।"ਫਿਰ ਉਸ ਨੇ ਜੀਤ ਨੂੰ ਮੁਖਾਤਿਬ ਹੋ ਕੇ ਆਖਿਆ," ਗੁਰਨਾਮ ਤੋਂ ਉਸਦੀ ਉਹ ਗ਼ਜ਼ਲ ਸੁਣਦੇ ਆਂ ਜਿਸਦਾ ਇੱਕ ਸ਼ਿਅਰ ਹੈ,"ਮਾਤ-ਭੂਮੀ ਸਮਝ ਕੇ ਲੱਖ ਵਾਰ ਮੱਥਾ ਟੇਕ ਤੂੰ, ਪਰ ਨਾ ਭੁੱਲੀਂ ਏਸ ਮਿੱਟੀ ਵਿੱਚ ਵੀ ਨੇ ਵਰਮੀਆਂ!"ਮੈਂ ਪੁਰਾਣੀ ਕਾਰ ਪਾਰਟ ਐਕਸਚੇਂਜ ਵਿੱਚ ਦੇ ਕੇ, ਨਵੀਂ ਲੈਣ ਲੱਗਾ ਤਾਂ ਉਹ ਕਹਿਣ ਲੱਗਾ-"ਇਸ ਪੁਰਾਣੀ ਕਾਰ ਦਾ ਕੁੱਝ ਨਹੀਂ ਮਿਲਣਾ; ਇਹ ਮੈਨੂੰ ਦੇ ਦੇ, ਤੇ ਤੂੰ ਨਵੀਂ ਲੈ ਲਾ।""ਪਰ ਤੂੰ ਇਹ ਕਿਉਂ ਚਲਾਏਂਗਾ? ਕੋਈ ਚੱਜ ਦੀ ਲੈ ਨਾ । ਮੈਂ ਤੈਨੂੰ ਵਧੀਆ ਕਾਰ 'ਚ ਬੈਠਾ ਦੇਖਣਾ ਚਾਹੁੰਦਾ ਹਾਂ। ਪੈਸਾ ਹੁੰਦੇ ਹੋਏ ਕਿਉਂ ਕੰਜੂਸੀ ਕਰਦਾਂ?" ਅਸੀਂ ਆਪਣੇ ਨਵੇਂ ਘਰ ਵਿੱਚ ਬੜੇ ਉਤਸ਼ਾਹ ਨਾਲ਼ ਰਹਿਣ ਲੱਗੇ ਸਾਂ। ਕੁੱਝ ਦੇਰ ਬਾਦ ਪਤਾ ਲੱਗਾ ਕਿ ਉਸਦਾ ਐਕਸੀਡੈਂਟ ਹੋ ਗਿਆ ਹੈ। ਫੋਨ ਕੀਤਾ ਤਾਂ ਪਤਾ ਲੱਗਾ ਕਿ ਉਹ ਸਾਈਕਲ ਉਪੱਰ ਕੰਮ ਤੇ ਜਾ ਰਿਹਾ ਸੀ ਕਿ ਪਿੱਛੋਂ ਵੈਨ ਆ ਵੱਜੀ; ਬੱਸ ਥਾਂ ਹੀ ਮੌਤ ਹੋ ਗਈ।"ਮੇਰੇ ਤੇ ਮੇਰੀ ਪਤਨੀ ਲਈ, ਇਹ ਅਸਹਿ ਸਦਮਾ ਸੀ। ਮੇਰੇ ਬੱਚਿਆਂ ਨੇ ਵੀ ਬਹੁਤ ਦੁੱਖ ਮਹਿਸੂਸ ਕੀਤਾ ਸੀ। ਦੇਸ-ਪਰਦੇਸ ਦੇ ਸੰਪਾਦਕ, ਤਰਸੇਮ ਸਿੰਘ ਪੁਰੇਵਾਲ ਨੇ ਮੇਰੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਸੀ-"ਮੈਂ ਸਮਝਦਾਂ ਤੇਰੇ ਦਿਲ ਤੇ ਜੋ ਗੁਜ਼ਰ ਰਹੀ ਹੈ। ਜਿਸ ਦਿਨ ਤੁਸੀਂ ਦੋਵੇਂ ਮੇਰੇ ਘਰ ਆਏ ਸੀ, ਤੂੰ ਹੀ ਤਾਂ ਕਿਹਾ ਸੀ ਕਿ ਜ਼ਿੰਦਗੀ ਵਿੱਚ ਇੱਕ ਵੇਲੇ, ਕੇਵਲ ਇੱਕੋ ਹੀ ਦੋਸਤ ਹੋ ਸਕਦਾ ਹੈ। ਜਿਸ ਬੰਦੇ ਦੇ ਪੰਜ-ਸੱਤ ਦੋਸਤ ਆ, ਸਮਝੋ ਉਸਦਾ ਕੋਈ ਵੀ ਨਹੀਂ, ਹਾਂ ਉਹਨਾਂ ਨੂੰ ਵਾਕਿਫਕਾਰ ਆਖਿਆ ਜਾ ਸਕਦਾ ਹੈ।" ਉਸ ਨੇ ਮੇਰੇ ਕਹੇ ਹੋਏ ਲਫਜ਼ ਹੌਲ਼ੀ-ਹੌਲੀ ਦੁਹਰਾਉਂਦਿਆਂ ਮੇਰਾ ਹੱਥ ਘੁੱਟਿਆ, ਇੱਕ ਧੀਰਜ ਦਾ ਅਹਿਸਾਸ ਦੁਆਉਣ ਖਾਤਰ! ਸੋਚਦਾ ਹਾਂ ਕਿ ਬੀਤ ਚੁੱਕੇ ਨੂੰ ਭੁੱਲ ਜਾਣਾ ਹੀ ਅੱਛਾ ਹੈ। ਅਤੀਤ ਦੀਆਂ ਕਬਰਾਂ ਪੁੱਟ ਕੇ ਕੀ ਲੈਣਾ? ਵਰਤਮਾਨ ਪਿਆਰ ਨਾਲ਼ ਗੁਜ਼ਾਰੋ, ਲੋੜਵੰਦਾਂ ਦੇ ਕੰਮ ਆਵੋ ਅਤੇ ਭਵਿਖ ਦਾ ਬੇਲੋੜਾ ਫਿਕਰ ਨਾ ਕਰੋ!ਪਰ ਇਉਂ ਸੋਚਣਾ ਹੀ ਸੌਖਾ ਹੈ, ਅਤੀਤ ਨੂੰ ਭੁੱਲਣਾ ਬਹੁਤ ਔਖਾ ਹੈ ਕਿਉਂਕਿ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੈ, ਸਰੀਰਕ ਅੰਗ ਵਾਂਗੂ! ਅੰਗ ਕਦੇ ਕੱਟਿਆ ਨਹੀਂ ਜਾ ਸਕਦਾ। ਬਚਪਨ ਅਤੇ ਜਵਾਨੀ ਦੀਆਂ ਯਾਦਾਂ ਨਾਲ਼ ਕਈ ਨਾਂ ਅਤੇ ਥਾਂ, ਇਉਂ ਜੁੜੇ ਹੋਏ ਹਨ ਜੋ ਵਿਸਾਰੇ ਨਹੀਂ ਜਾ ਸਕਦੇ। ਕੁੱਝ ਬੇਨਾਮ ਰਿਸ਼ਤੇ, ਚਾਹੁੰਦੇ ਹੋਏ ਵੀ ਯਾਦਾਂ ਦੀ ਸਲੇਟ ਉੱਤੋਂ ਮਿਟਾਏ ਨਹੀਂ ਜਾ ਸਕਦੇ। ਇਹ ਜ਼ਿੰਦਗੀ ਦੇ ਇਤਹਾਸ ਅਤੇ ਵਿਰਸੇ ਵਾਂਗ ਹੁੰਦੇ ਹਨ। ਇਹ ਸ਼ਬਦ ਜੋ ਮੈਂ ਲਿਖ ਰਿਹਾ ਹਾਂ, ਇੱਕ ਸਵੈਜੀਵਨੀ ਵਾਂਗ, ਮੇਰੀ ਜ਼ਿੰਦਗੀ ਦੇ ਇਤਿਹਾਸ ਦਾ ਹੀ ਅੰਗ ਨੇ। ਬਦਲਾਵ (ਟਰਅਨਸੋਰਮਅਟਿਨ) ਇੱਕ ਕੁਦਰਤੀ ਅਸੂਲ ਹੈ, ਇਸ ਸੰਕਲਪ ਨੂੰ ਹਿਰਦੇ ਵਿੱਚ ਵਸਾ ਕੇ ਹੀ ਮੈਂ ਜ਼ਿੰਦਗੀ ਦਾ ਸਫਰ ਕਰਦਾ ਆਇਆ ਹਾਂ। ਕਿਹਾ ਜਾਂਦਾ ਹੈ ਕਿ ਕੁਦਰਤ ਇੱਕ ਰੱਬੀ ਸ਼ਕਤੀ ਦੇ ਅਧੀਨ ਚਲ ਰਹੀ ਹੈ। ਇਸ ਗੱਲ ਤੋਂ ਮੁਨਕਰ ਹੋਣਾ ਮੈਨੂੰ ਵੀ ਚੰਗਾ ਨਹੀਂ ਲਗਦਾ, ਕਿਉਂ ਕਿ ਰਾਜ-ਯੋਗ ਵਰਗੇ ਅਭਿਆਸ ਨਾਲ ਸਮਾਧੀ ਦੇ ਮਾਧਿਅਮ ਰਾਹੀਂ, ਮੈਂ ਵੀ ਕਈ ਵਾਰ ਇਸ ਰੱਬੀ ਸ਼ਕਤੀ ਨਾਲ਼ ਇੱਕ ਸੁਰ ਹੋ ਕੇ, ਸ਼ਾਂਤੀ ਅਤੇ ਆਨੰਦ ਦਾ ਅਨੁਭਵ ਕਰ ਚੁੱਕਾ ਹਾਂ। ਪ੍ਰੀਵਰਤਨ ਵਿੱਚ ਧਾਰੀਵਾਲ ਦਾ ਅਟੁੱਟ ਵਿਸ਼æਵਾਸ ਸੀ। ਉਹ ਨਿਰੇ ਪਾਠ-ਪੂਜਾ ਅਤੇ ਮੱਥੇ ਟੇਕੀ ਜਾਣ ਦੇ ਕਰਮ-ਕਾਂਡਾ ਨਾਲੋਂ ਸੱਚ ਅਤੇ ਦੈਆ ਨੂੰ ਵਧੇਰੇ ਮਹੱਤਵ ਦਿੰਦਾ ਸੀ। ਕਈ ਲੋਕ, ਉਸ ਨੂੰ ਕਾਮਰੇਡ ਸਮਝਕੇ ਨਾਸਤਿਕ ਸਮਝਦੇ ਸਨ ਪਰ ਅਸਲ ਵਿੱਚ, ਉਹ ਆਸਤਿਕ ਇਨਸਾਨ ਸੀ। ਉਹ ਕਹਿੰਦਾ ਹੁੰਦਾ ਸੀ ਕਿ ਜਿਹੜਾ ਬੰਦਾ ਅੰਦਰੋਂ ਸੱਚਾ ਨਹੀਂ, ਸਿਰਫ ਬਾਹਰੋ ਹੀ ਸੱਚੇ ਹੋਣ ਦਾ ਡਰਾਮਾ ਕਰਦਾ ਹੈ, ਉਹ ਕਿਸੇ ਨੂੰ ਨਹੀਂ ਸਗੋਂ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੁੰਦਾ ਹੈ। ਇਸ ਤਰਾਂ੍ਹ ਦੇ ਬੰਦੇ ਨੂੰ ਕਦੇ ਵੀ ਜ਼ਿੰਦਗੀ ਵਿੱਚ ਰੂਹਾਨੀ ਸੁਖ ਅਤੇ ਸ਼ਾਂਤੀ ਨਸੀਬ ਨਹੀਂ ਹੋ ਸਕਦੇ। ਖ਼ਾਸ ਕਰਕੇ ਜੀਵਨ ਦੇ ਚੌਥੇ ਪੜਾਅ ਵਿੱਚ! ਸਾਡੇ ਬਹੁਤ ਸਾਰੇ ਅਜਿਹੇ ਜੀਵਨ ਫਲਸਫੇ ਇੱਕ ਦੂਜੇ ਨਾਲ਼ ਰਲ਼ਦੇ ਮਿਲਦੇ ਸਨ। ਵਿਚਾਰਾਂ ਦੀ ਸਾਂਝ ਹੀ ਸਾਡੀ ਦੋਸਤੀ ਦਾ ਰਾਜ਼ ਸੀ। ਭਾਰਤ ਤੋਂ ਆਏ ਦੋ ਸਿੱਖ ਵਿਦਵਾਨ-ਲੇਖਕ, ਅਤੇ ਇੱਕ ਲੇਖਿਕਾ ਮੇਰੇ ਘਰ ਠਹਿਰੇ ਹੋਏ ਸਨ। ਇੱਕ ਦਿਨ, ਮੇਰੀ ਪਤਨੀ ਨੇ ਕੁੱਝ ਦੂਜੀਆਂ ਔਰਤਾਂ ਦੀ ਰੀਸੇ, ਸਿੱਖ ਬਹਾਲਣ ਦੀ ਇੱਛਾ ਜ਼ਾਹਰ ਕੀਤੀ-- ਮੈਂ ਕਿਹਾ ਜਿਵੇਂ ਤੇਰੀ ਮਰਜ਼ੀ। ਉਸ ਨੇ ਸੁਝਾਓ ਦਿੱਤਾ ਕਿ ਦੋ ਜਣੇ ਤਾਂ ਇੰਡੀਆ ਵਾਲੇ ਭਾਅ ਜੀ ਹੁਣੀ ਹੈਗੇ ਆ ਅਤੇ ਬਾਕੀ ਤਿੰਨ ਸਿੱਖ ਗੁਰਦੁਆਰੇ ਤੋਂ ਲੈ ਆਵੋ।" ਆਪਣੀ ਰਾਏ ਦਿੰਦੇ ਹੋਏ, ਮੈਂ ਉਸ ਨੂੰ ਆਖਿਆ, "ਦੇਖ ਗਿਆਨੀ ਮੱਖਣ ਸਿੰਘ ਮ੍ਰਿਗਿੰਦ ਅਤੇ ਬਲਵੀਰ ਸਿੰਘ ਕੰਵਲ ਆਪਣੇ ਕੋਲ਼ ਹੈਗੇ ਆ, ਬਾਕੀ ਅਮਰੀਕ ਸਿੰਘ ਢਿੱਲੋਂ ਹੈਗਾ ਆ; ਬੱਸ ਪੰਜ ਸਿੱਖ ਪੂਰੇ ਹੋ ਗਏ।" ਪਰ ਜਦੋਂ ਹੀ, ਭਾਰਤੋਂ ਆਏ ਗੁਰਸਿੱਖਾਂ ਨੂੰ ਪਤਾ ਲੱਗਾ ਕਿ ਰਾਤ ਦਾ ਬਚਿਆ ਚਿਕਨ ਬਹੁਤ ਪਿਆ ਹੈ, ਤਾਂ ਉਹ ਇੱਕ ਦਮ ਬਿਟਰ ਗਏ। ਦੋ ਸਿੱਖਾਂ ਦੀ ਭਾਲ਼ ਲਈ, ਮੈਨੂੰ ਗੁਰਦੁਆਰੇ ਜਾਣਾ ਪੈ ਗਿਆ ਅਤੇ ਮੈਂ ਸਾਰੀ ਕਹਾਣੀ ਸ੍ਰ ਗੁਰਿੰਦਰ ਸਿੰਘ ਸਾਚਾ ਨੂੰ ਬੇਝਿਝਕ ਦੱਸ ਦਿੱਤੀ।ਸੋਹਣ ਸਿੰਘ ਧਾਰੀਵਾਲ ਨੂੰ ਮੈਂ ਕਿਹਾ, "ਇੱਕ ਪਾਸੇ ਤਾਂ ਪੰਜ ਸਿੱਖ ਪਰਛਾਦਾ ਛਕ ਰਹੇ ਹਨ ਅਤੇ ਦੂਜੇ ਪਾਸੇ ਕਨਸਰਵੇਟਰੀ 'ਚ ਬੈਠੇ ਇਹ ਮੁਰਗਾ ਚਰੂੰਡਣ ਲੱਗੇ ਹੋਏ ਹਨ, ਇਹ ਗੱਲ ਕੁੱਝ ਸ਼ੋਭਦੀ ਨਹੀਂ।""ਓ ਤੂੰ ਐਵੇਂ ਟੈਨਸ਼ਨ ਨਾ ਲਿਆ ਕਰ। ਤੇਰਾ ਤਾਂ ਕੋਈ ਕਸੂਰ ਨੀਂ, ਇਹ ਉਹਨਾਂ ਦਾ ਕਰਮ ਹੈ, ਆਪੇ ਭੁਗਤਣਗੇ। ਸਮਝ ਲੈ ਭੁਗਤ ਲਿਆ! ਕਲ੍ਹ ਤੇਰੇ ਮਨ ਵਿੱਚ ਉਹਨਾਂ ਲਈ ਜਿਨ੍ਹਾਂ ਸਤਿਕਾਰ ਸੀ, ਅੱਜ ਓਨਾ ਨਹੀਂ ਰਿਹਾ! ਦੂਜੀ ਗੱਲ, ਹਰ ਬੰਦੇ ਦਾ ਆਪੋ-ਆਪਣਾ ਲਾਈਫ-ਸਟਾਈਲ ਹੁੰਦਾ। ਤੇ ਹਰ ਇੱਕ ਨੂੰ ਆਪਣੀ ਮਰਜ਼ੀ ਨਾਲ਼ ਜੀਉਣ ਦਾ ਹੱਕ ਵੀ ਹੋਣਾ ਚਾਹੀਦੈ।"ਅਗਲੇ ਦਿਨ, ਸੋਹਣ ਨੇ ਉਹਨਾਂ ਨੂੰ ਆਪਣੇ ਘਰ ਦਾਅਵਤ ਦੇ ਦਿੱਤੀ। ਰਾਤ ਦੇ ਖਾਣੇ ਤੇ ਅਸੀਂ ਪੰਜੇ ਜਣੇ ਹਾਜ਼ਰ ਸਾਂ। ਵਿਦਾ ਲੈਣ ਵੇਲੇ ਸੋਹਣ ਨੇ ਉਨ੍ਹਾਂ ਨੂੰ ਵੀਹ-ਵੀਹ ਪੌਂਡ ਵੀ ਦਿੱਤੇ, ਅਖੇ ਤੁਹਾਨੂੰ ਥੋੜਾ ਜੇਬ ਖਰਚ ਦੇਣਾ ਸਾਡਾ ਫ਼ਰਜ਼ ਬਣਦਾ ਹੈ। ਇਹ ਸ਼ਾਇਦ 1983 ਜਾਂ 84 ਦੀ ਗੱਲ ਹੈ। ਕੁੱਝ ਸਮੇਂ ਬਾਦ, ਲਾਹੌਰ ਤੋਂ ਡਾ: ਜਮਾਲ-ਉਦ-ਦੀਨ ਅਤੇ ਉਨ੍ਹਾਂ ਦੀ ਮਿਸਜ਼ ਸ਼ਕੀਲਾ ਜਮਾਲ ਆਏ ਤਾਂ ਇੱਕ ਲੰਬੀ ਮਹਿਫਲ ਵਿੱਚ ਸ਼ਰੀਕ ਹੋਣ ਪਿੱਛੋਂ, ਸੋਹਣ ਨੇ ਸਲਾਹ ਦਿੱਤੀ, "ਦੇਖ, ਤੈਨੂੰ ਇੱਕ ਗੱਲ ਦੱਸਾਂ, ਬੰਦੇ ਬੜੇ ਸਾਊ ਅਤੇ ਦਰਵੇਸ਼ ਹਨ। ਜਮਾਲ ਸਾਹਿਬ ਚੰਗੇ ਸ਼ਾਇਰ ਹੋਣ ਦੇ ਨਾਲ਼ ਚੰਗੇ ਇਨਸਾਨ ਵੀ ਹਨ, ਸ਼ਕੀਲਾ ਬੇਗਮ ਵਾਕਈ ਬਹੁਤ ਅੱਛਾ ਗਾਉਂਦੀ ਹੈ। ਪੰਜਾਹ ਪੌਂਡ ਤੂੰ ਕੱਢ ਤੇ ਪੰਜਾਹ ਮੇਰੀ ਵਲੋਂ, ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਇਹ ਤੇਰੇ ਕੋਲ਼ ਠਹਿਰੇ ਹੋਏ ਹਨ, ਏਨਾ ਕੁ ਜੇਬ ਖਰਚ ਆਪਾਂ ਨੂੰ ਦੇਣਾ ਹੀ ਚਾਹੀਦੈ।"ਫਿਰ ਜਦੋਂ ਵੀ, ਮੇਰੇ ਕੋਲ਼ ਭਾਰਤ ਜਾਂ ਲਹੌਰ ਤੋਂ ਆਣ ਕੇ, ਲੇਖਕ ਠਹਿਰਦੇ ਤਾਂ ਮੈਨੂੰ ਸੋਹਣ ਦੀ ਅਣਹੋਂਦ ਬੜੀ ਰੜਕਦੀ। ਅਠਾਈ ਨੰਬਰ ਵਿੱਚ, ਮੈਂ ਆਪਣੇ ਪ੍ਰਵਾਰ ਨਾਲ਼ ਰਹਿੰਦਾ ਸਾਂ ਅਤੇ ਨਾਲ਼ ਲਗਦਾ ਤੀਹ ਨੰਬਰ, ਮਹਿਮਾਨਾਂ ਦੇ ਠਹਿਰਨ ਲਈ ਰੱਖਿਆ ਹੋਇਆ ਸੀ। ਪੰਜ ਬੈਡਰੂਮ ਵਿੱਚ ਇੱਕੋ ਸਮੇਂ, ਪੰਜ-ਸੱਤ ਬੰਦੇ ਠਹਿਰ ਸਕਦੇ ਸਨ। ਫਿਰ ਡਾ: ਲਮਾਲ ਹੁਣਾ ਦੇ ਨਾਲ਼ ਉਹਨਾਂ ਦੀਆ ਬੇਟੀਆ, ਜਾਸਮੀਨ ਅਤੇ ਤਸਨੀਮ ਵੀ ਦੋ ਵਾਰੀ ਆਈਆਂ ਸਨ। ਇੱਕ ਵਾਰੀ ਇੱਕ ਸਖਸ਼, ਸਿੱਧਾ ਹੀ ਏਅਰਪੋਰਟ ਤੋਂ ਆਇਆ ਤੇ ਹੱਸਦਾ ਹੋਇਆ ਆਖਣ ਲੱਗਾ, "ਜੀ ਮੈਂ ਲਾਹੌਰ ਤੋਂ ਆਇਆਂ, ਜਮਾਲ ਸਾਹਿਬ ਨੇ ਕਿਹਾ ਸੀ ਕਿ ਗੁਰਨਾਮ ਸਾਹਿਬ ਦੀ ਸਰਾਂ ਵਿੱਚ ਚਲੇ ਜਾਣਾ।"ਉਸ ਦੇ ਮੂਹੋਂ 'ਸਰਾਂ' ਲਫਜ਼ ਸੁਣ ਕੇ ਮੈਨੂੰ ਬੜਾ ਗੁੱਸਾ ਆਇਆ ਪਰ ਮੈਂ ਉਸਨੂੰ ਅੰਦਰ ਬਿਠਾ ਲਿਆ ਅਤੇ ਚਾਹ-ਪਾਣੀ ਪੁੱਿਛਆ। ਇਸੇ ਤਰਾਂ੍ਹ ਇੱਕ ਹੋਰ ਬੰਦਾ ਆ ਗਿਆ ਜੋ ਪੂਰੀ ਬੋਤਲ ਪੀ ਜਾਂਦਾ ਸੀ। ਘਰ ਵਾਲ਼ੀ ਨੇ ਨਸੀਅਤ ਦਿੱਤੀ, "ਬਿਨਾਂ ਸੋਚੇ ਸਮਝੇ ਐਵੇਂ ਜਣੇ-ਖਣੇ ਵਾੜ੍ਹੀ ਜਾਨੈਂ, ਡਾ: ਜਮਾਲ ਨੂੰ ਫੋਨ ਕਰ ਕੇ ਪੁੱਛ ਵੀ ਲੈ। ਜਦੋਂ ਮੈਂ ਫੋਨ ਕੀਤਾ ਤਾਂ ਜਮਾਲ ਸਾਹਿਬ ਬੋਲੇ, "ਮੈਂ ਕਿਸੇ ਸਾਲ਼ੇ ਨੂੰ ਨਹੀਂ ਭੇਜਿਆ, ਐਵੇਂ ਸਾਡਾ ਨਾਂ ਲੈ ਕੇ ਆ ਵੜ੍ਹੇ ਹੋਣਗੇ, ਕੱਢ ਦੇ ਬਾਹਰ ਇਹਨਾਂ ਨੂੰ।"ਮੈਨੂੰ ਜਿਵੇਂ ਸੋਹਣ ਦੀ ਆਤਮਾ ਨੇ ਕਿਹਾ ਹੋਵੇ, "ਰਹਿਣ ਦੇ ਚਾਰ ਦਿਨ ਵਿਚਾਰਿਆਂ ਨੂੰ, ਤੇਰਾ ਕੀ ਘਸਦਾ, ਘਰ ਖਾਲੀ ਹੀ ਪਿਆ!" ਤੇ ਮੈਂ ਚਾਹੁੰਦਾ ਹੋਇਆ ਵੀ, ਉਹਨਾਂ ਨੂੰ ਕੱਢ ਨਾ ਸਕਿਆ। ਅੱਜ ਮੇਰੇ ਕੋਲ਼, ਸ਼ਕੀਲਾ ਜਮਾਲ ਦੀ ਰਿਕਾਰਡ ਕਰਵਾਈ ਹੋਈ ਮਾਸਟਰ ਟੇਪ ਪਈ ਹੈ। ਕਈ ਵਾਰ ਸੋਚਦਾਂ, ਇਸ ਦੀਆਂ ਸੀ ਡੀਆਂ ਬਣਵਾ ਕੇ ਰਲੀਜ਼ ਕਰਵਾ ਦਿਆਂ, ਫਿਰ ਦੂਜੇ ਹੀ ਪਲ ਖਿਆਲ ਆਉਂਦਾ ਹੈ ਕਿ ਅਜਿਹੀ ਮਿਆਰੀ ਗਾਈਕੀ ਦੇ ਅੱਜ-ਕਲ੍ਹ ਸਰੋਤੇ ਨਹੀਂ ਰਹੇ। ਸ਼ਕੀਲਾ ਹੱਜ ਕਰਨ ਗਈ ਅੱਲਾ ਨੂੰ ਪਿਆਰੀ ਹੋ ਗਈ ਸੀ ਅਤੇ ਥੋੜੇ ਬਰਸਾਂ ਬਾਦ, ਜਮਾਲ ਸਾਹਿਬ ਵੀ ਜਿੰਦਗੀ ਦਾ ਸਫ਼ਰ ਪੂਰਾ ਕਰ ਚੁੱਕੇ ਹਨ। ਬੇਟੀਆਂ ਅਮਰੀਕਾ ਵਿੱਚ ਹਨ। ਕਦੇ ਖ਼ਿਆਲ ਆਉਂਦਾ ਹੈ ਕਿ ਜਮਾਲ ਸਾਹਿਬ ਦੇ ਦੋਸਤ, ਡਾ: ਫ਼ਕੀਰ ਮੁਹੱਮਦ ਭੱਟੀ ਜੋ ਨਾਰਥ ਲੰਡਨ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਪੁੱਛਾਂ, ਸ਼ਾਇਦ ਉਹਨਾਂ ਦਾ ਮਸ਼ਵਰਾ ਲਾਹੇਬੰਦ ਸਾਬਤ ਹੋ ਸਕੇ!ਦੋ ਤਿੰਨ ਵਾਰੀ ਮੇਰੀ ਪਤਨੀ ਆਖ ਚੁੱਕੀ ਹੈ, "ਜੇ ਤੁਸੀਂ ਸੋਹਣ ਭਾ ਜੀ ਨੂੰ ਕਾਰ ਦੇ ਦਿੰਦੇ, ਤਾਂ ਖਬਰੇ ਉਹ ਨਾ ਹੀ ਮਰਦਾ। ਮਸਾਂ ਹੀ, ਤਿੰਨ-ਚਾਰ ਸੌ ਪੌਂਡ ਦੀ ਕਾਰ ਹੋਵੇਗੀ!" ਇੱਕ ਪਛਤਾਵਾ ਜਿਹਾ ਉਸ ਦੇ ਮਨ ਵਿੱਚ ਵੀ ਰੀਂਘ ਰਿਹਾ ਜਾਪਦਾ ਹੈ।ਸੇਵਾ-ਮੁਕਤ ਜੀਵਨ ਕਰਕੇ, ਮੈਂ ਅਕਸਰ ਰਾਤ ਦੇ ਨੌਂ ਵਜੇ ਸੌਂ ਜਾਂਦਾ ਹਾਂ ਤੇ ਸਵੇਰੇ ਤਿੰਨ-ਚਾਰ ਵਜੇ ਜਾਗ ਪੈਂਦਾ ਹਾਂ। ਸਰਦੀ ਦੀ ਰੁੱਤੇ ਛੇ ਵਜੇ ਤੱਕ ਵੀ, ਬਿਸਤਰੇ ਵਿੱਚ ਪਿਆ ਰਹਿੰਦਾ ਹਾਂ ਪਰ ਗਰਮੀਆਂ ਦੀ ਰੁੱਤੇ, ਪੰਜ ਵਜੇ ਉਠੱ ਖੜਦਾ ਹਾਂ। ਇਹੋ ਸਮਾਂ ਵਧੇਰੇ ਕਰਕੇ ਮੇਰੇ ਸੋਚਣ ਦਾ ਹੁੰਦਾ ਹੈ। ਸੋਚਦਾ ਹਾਂ ਕਿ ਪਰਸੋਂ ਨੂੰ ਇੰਗਲੈਂਡ ਤੋਂ ਮੇਰਾ ਬੇਟਾ ਤੇ ਵੱਡੀ ਪੋਤੀ ਵੀ ਪੰਜਾਬ ਆ ਜਾਣਗ,ੇ ਜਿਹਨਾਂ ਦੀ ਹੋਂਦ ਨਾਲ਼ ਘਰ ਵਿੱਚ ਰੌਣਕ ਵਧ ਜਾਵੇਗੀ। ਇਕੱਲ ਦਾ ਅਹਿਸਾਸ ਘਟ ਜਾਵੇਗਾ। ਅਚਾਨਕ ਮੈਨੂੰ ਮਹਿਸੂਸ ਹੋਇਆ, ਜਿਵੇਂ ਮੇਰੇ ਇੰਗਲੈਂਡ ਵਾਲੇ ਘਰ ਵਿੱਚ ਹੀ ਕਿਧਰੇ ਮੇਰਾ ਘਰ ਗੁਆਚ ਗਿਆ ਹੋਵੇ! ਭਾਰਤ ਅਤੇ ਇੰਗਲੈਂਡ ਦੇ ਕੁੱਝ ਬਿਰਧ-ਘਰਾਂ 'ਤੇ ਡੇਅ ਸੈਂਟਰਾਂ ਵਿੱਚ ਬੈਠੇ, ਕਈ ਬੰਦਿਆਂ ਨਾਲ਼ ਵਿਚਾਰ ਸਾਂਝੇ ਕਰਦਿਆਂ ਇਉਂ ਜਾਪਦਾ ਹੈ ਜਿਵੇਂ ਉਹ ਇਕੱਲਤਾ ਅਤੇ ਬੇਲੋੜੇਪਨ ਦਾ ਸ਼ਿਕਾਰ ਹੋਣ! ਇਹਨਾਂ ਵਿੱਚ ਵਧੇਰੇ ਉਹ ਲੋਕ ਹਨ, ਜਿਹਨਾਂ ਨੇ ਸੰਯੁਕਤ ਪਰਵਾਰਾਂ ਦਾ ਨਿੱਘ ਮਾਣਿਆਂ ਹੈ। ਇੱਕ ਬਜ਼ੁਰਗ ਦੇ ਬੋਲਾਂ ਵਿੱਚ ਕੁੱਝ ਇਸ ਤਰਾਂ੍ਹ ਦੇ ਭਾਵ ਸਨ, "ਜਵਾਨੀ ਵੇਲੇ ਤਾਂ ਬੰਦਾ ਸਾਰੀ ਦੁਨੀਆਂ ਨੂੰ ਟਿਚੱ ਸਮਝਦਾ। ਸਰੀਰਾਂ ਦੇ ਦੁੱਖ ਹੋਰ ਤਰਾਂ੍ਹ ਦੇ ਹੁੰਦੇ ਆ, ਪਰ ਇਹ ਮਨ ਦਾ ਦੁੱਖ ਸਤੱਰ ਸਾਲ ਦੇ ਨੇੜੇ-ਤੇੜੇ ਪਹੁੰਚ ਕੇ ਸ਼ੁਰੂ ਹੁੰਦਾ। ਨਿਆਣਿਆਂ ਨੂੰ ਕੀ ਪਤੈ ਕਿ ਉਹਨਾਂ ਦੇ ਮਾਂ-ਬਾਪ ਦੇ ਮਨਾਂ ਤੇ ਕੀ ਬੀਤਦੀ ਹੋਵੇਗੀ! ਉਹਨਾਂ ਨੂੰ ਓਸ ਵੇਲੇ ਹੀ ਪਤਾ ਲਗੱਣਾ, ਜਦੋਂ ਉਹ ਰੀਟਾਇਰ ਹੋਣਗੇ।ਅੱਜ ਧਰਮੀ ਬੰਦੇ ਦੀ ਬੜੀ ਯਾਦ ਆ ਰਹੀ ਹੈ। ਆਪਣੀ ਉਲਝਣ ਸਾਂਝੀ ਕਰਾਂ ਤਾਂ ਕਿਸ ਨਾਲ਼! ਚੇਤਿਆਂ ਵਿੱਚ ਜਿਹੜੇ ਵੀ ਰਿਸ਼ਤੇ ਆਏ, ਸਭ ਸੁਆਰਥੀ ਤੇ ਆਪਣਾ ਭਲਾ ਚਾਹੁਣ ਵਾਲ਼ੇ। ਸੋਚਾਂ ਦੀ ਦੁਨੀਆਂ 'ਚੋਂ ਬਾਹਰ ਨਿਕਲਣ ਲਈ ਬਿਸਤਰੇ 'ਚੋਂ ਉੱਠਦਾ ਹਾਂ।ਮੇਰੇ ਬੇਟੇ ਅਤੇ ਪੋਤੀ ਨੂੰ ਪੰਜਾਬ ਆਇਆਂ ਅੱਜ ਦਸ ਦਿਨ ਹੋ ਗਏ ਹਨ। ਚਾਰ-ਪੰਜ ਦਿਨ ਤੱਕ ਉਹ ਵਾਪਿਸ ਚਲੇ ਜਾਣਗੇ। ਆਪਣੇ ਹੀ ਆਪ ਵਿੱਚ ਸੋਚੀ ਜਾ ਰਿਹਾ ਹਾਂ। ਜਦੋਂ ਕਦੇ ਮੈਂ ਢਹਿੰਦੀਆਂ ਕਲਾਂ 'ਚ ਹੋਵਾਂ ਤਾਂ ਇਉਂ ਲਗਦੈ ਜਿਵੇਂ ਉਸ ਧਰਮੀ ਬੰਦੇ ਦੀ ਆਤਮਾ, ਮੇਰੇ ਕੋਲ਼ ਆ ਕੇ ਕਹਿੰਦੀ ਹੋਵੇ, "ਬਰਖੁਰਦਾਰ, ਪਿਛਲੀ ਉਮਰੇ ਸਰੀਰਕ ਕਮਜੋæਰੀ ਦਾ ਆਉਣਾ ਕੁਦਰਤੀ ਹੈ, ਪਰ ਮਨ ਤਕੜਾ ਰੱਖੀਦਾ।"ਬੜਾ ਧੁੱਪ ਵਾਲ਼ਾ ਦਿਨ ਹੈ। ਨਾ ਗਰਮ ਨਾ ਸਰਦ, ਬੜਾ ਸੁਹਾਵਣਾ ਮੌਸਮ ਹੈ। ਅਸੀਂ ਵਾਅਦੇ ਅਨੁਸਾਰ, ਨਿਊ ਜਵਾਹਰ ਨਗਰ, ਅਮਰਜੀਤ ਸਿੰਘ ਸਮਰਾ ਦੀ ਕੋਠੀ ਪਹੁੰਚ ਜਾਂਦੇ ਹਾਂ। ਥੋੜੀ ਗੱਪ-ਸ਼ੱਪ ਮਾਰਨ ਬਾਦ ਚਾਹ-ਪਾਣੀ ਪੀ ਕ,ੇ ਮੈਂ ਆਪਣੇ ਗੁਰੂ ਮਾਸਟਰ ਬਲਵਿੰਦਰ ਸਿੰਘ ਜੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਤਾਂ ਸਮਰਾ ਸਾਹਿਬ ਨੇ ਕਿਹਾ ਕਿ ਉਹ ਖੁਦ ਵੀ ਉੱਥੇ ਹੀ ਜਾ ਰਹੇ ਹਨ।ਅਸੀਂ ਇਕੱ ਦੋ ਚੀਜ਼ਾਂ ਖਰੀਦ ਕੇ, ਜਮਸ਼ੇਰ ਵਾਲ਼ੀ ਸੜਕੇ ਪੈ ਗਏ । ਪਿੰਡ ਕੰਗਣੀਵਾਲ ਕੋਲੋਂ ਦੀ ਲੰਘਦਿਆਂ, ਸੋਹਣ ਸਿੰਘ ਦੀ ਯਾਦ ਆਉਣੀ ਕੁਦਰਤੀ ਸੀ। ਸਮਰਾਵੀਂ ਪੁਹੁੰਚੇ ਤਾਂ ਵੇਖਿਆ ਕਿ ਸਮਰਾ ਸਾਹਬ ਤਾਂ ਸਾਡੇ ਨਾਲੋਂ ਵੀ ਪਹਿਲਾਂ ਹੀ ਪਹੁੰਚ ਚੁੱਕੇ ਸਨ। ਉਨਾਂ੍ਹ ਦੇ ਗੰਨ-ਮੈਨ, ਸੈਕਟਰੀ ਅਤੇ ਕੈਪਟਨ ਸਾਹਿਬ (ਪੀ ਏ), ਗੁਰਦੁਆਰੇ ਦੇ ਸੌਂਹੇ ਖੜੇ ਮੁਸਕਰਾ ਰਹੇ ਸਨ। ਮੇਰੇ ਗੁਰੂ ਜੀ ਇਸ ਗੁਰੂ-ਘਰ ਦੀ, ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ। ਛੇਤੀਂ ਹੀ ਉਹ ਬਾਹਰ ਆਏ ਤਾਂ ਅਸੀਂ ਉਹਨਾਂ ਦੇ ਫਾਰਮ-ਹਾਊਸ ਵੱਲ ਚਲ ਪਏ। ਗੁਰੂ ਜੀ ਨੇ ਬੜੇ ਹੀ ਪਿਆਰ ਨਾਲ਼ ਪਹਿਲਾਂ ਚਾਹ-ਪਾਣੀ ਪਿਲਾਇਆ ਅਤੇ ਫਿਰ ਆਪਣੀ ਮਿਸਜ ਨਾਲ਼ ਮਿਲਾਇਆ, ਜੋ ਦੋ ਕੁ ਕਮਰੇ ਛੱਡ ਕੇ, ਰਸੋਈ ਦੇ ਨਾਲ਼ ਵਾਲੇ ਕਮਰੇ 'ਚ ਤਬੀਅਤ ਠੀਕ ਨਾ ਹੋਣ ਕਾਰਣ, ਮੰਜੇ ਤੇ ਪਏ ਸਨ। ਮੇਨੂੰ ਜਾਪਿਆ ਕਿ ਗੁਰੂ ਜੀ ਦੀ ਉਮਰ ਏਨੀ ਵੱਡੀ ਤਾਂ ਨਹੀਂ ਲਗਦੀ, ਮੇਰੇ ਨਾਲੋਂ ਬੱਸ ਦਸ-ਪੰਦਰਾਂ ਸਾਲ ਵੱਡੇ ਹੋਣਗੇ! ਮੈਨੂੰ ਪਤਾ ਨਾ ਲੱਗੇ ਕਿ ਮੈਂ ਉਹਨਾਂ ਦੀ ਮਿਸਜ ਨੂੰ, ਆਂਟੀ ਜੀ ਕਹਿ ਕੇ ਸੰਬੋਧਨ ਕਰਾਂ ਜਾਂ ਭੈਣ ਜੀ ਕਹਿ ਕੇ। ਜੱਕਾਂ-ਤੱਕਾਂ ਕਰਦਿਆਂ, ਮੈਂ ਆਂਟੀ ਜੀ ਆਖ ਕੇ ਫਤਹਿ ਬੁਲਾਈ ਅਤੇ ਸਿਹਤ ਦਾ ਹਾਲ-ਚਾਲ ਪੁੱਛਣ ਲੱਗਾ। ਫਿਰ ਅਸੀਂ ਗੱਲਾਂ-ਬਾਤਾਂ ਕਰਦੇ ਫਾਰਮ ਹਾਊਸ ਵਿੱਚ ਟਹਿਲਦੇ ਰਹੇ ਅਤੇ ਮੇਰਾ ਬੇਟਾ ਮੂਵੀ ਬਣਾਉਂਦਾ ਰਿਹਾ। ਇਸ ਤੋਂ ਪਿਛਲੀ ਵਾਰੀ, ਜਦੋਂ ਮੈਂ ਉਹਨਾਂ ਦੇ ਫਾਰਮ ਹਾਊਸ ਤੇ ਗਿਆ ਸੀ ਤਾਂ ਮੈਨੂੰ ਬੌਟਲ ਪਾਮ ਦੇ ਰੁੱਖਾਂ ਨੇ ਬੜਾ ਆਕਰਸ਼ਿਤ ਕੀਤਾ ਸੀ। ਇਸ ਕਰਕੇ ਮੈਂ ਵੀ ਉਨ੍ਹਾਂ ਦੀ ਰੀਸੇ, ਕੁੱਝ ਪੌਧੇ ਆਪਣੇ ਪਿੰਡ, ਖੇਤਾਂ ਵਾਲ਼ੇ ਛੋਟੇ ਜਿਹੇ ਮਕਾਨ ਦੇ ਇਰਦ-ਗਿਰਦ ਲੁਆਏ ਸਨ।ਹੋ ਸਕਦਾ ਮੈਂ ਸਹੀ ਹੋਵਾਂ ਜਾਂ ਗ਼ਲਤ ਵੀ, ਮੁੰਬਈ ਵਿੱਚ ਮੈਂ ਦੋ ਤਿੰਨ ਵਾਰੀ, ਕੁੱਝ ਉੱਘੇ ਲੇਖਕਾਂ ਅਤੇ ਚਿੰਤਕਾਂ ਨੂੰ ਮਿਲਿਆ ਤਾਂ ਇਊਂ ਜਾਪਿਆ ਜਿਵੇਂ ਮੇਰੇ ਵਾਂਗ, ਉਹਨਾਂ ਦੇ ਮਨ ਵਿੱਚ ਵੀ ਕੋਈ ਤਨਹਾਈ ਜਾਂ ਖਲਾਅ ਦਾ ਅਹਿਸਾਸ ਹੋਵੇ ਜਿਸ ਨੂੰ ਸ਼ਾਇਦ ਹੀ ਕੋਈ ਭਰ ਸਕਦਾ ਹੈ! ਉਹਨਾਂ ਵਿੱਚੋਂ ਤਿੰਨ ਲੇਖਕ ਪੰਜਾਬ ਦੀ ਧਰਤੀ ਨਾਲ਼ ਸੰਬੰਧ ਰੱਖਦੇ ਹਨ। ਸਮਝਦੇ ਹੋਏ ਵੀ, ਕਈ ਵਾਰ ਇਨਸਾਨ ਨੈਗੇਟਿਵ ਸੋਚ ਦਾ ਸ਼ਿਕਾਰ ਹੋ ਜਾਂਦਾ ਹੈ। ਸੋਹਣ ਸਿੰਘ ਧਾਰੀਵਾਲ ਨੂੰ ਮੈਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਦੇਖਿਆ ਹੈ ਕਿਉਂਕਿ ਉਹ ਪੌਜ਼ੇਟਿਵ ਸੋਚ ਦਾ ਧਾਰਨੀ ਸੀ। ਪਰ ਹਰ ਵੇਲੇ ਇਸ ਤਰ੍ਹਾਂ ਰਿਹਾ ਨਹੀਂ ਜਾ ਸਕਦਾ।ਪ੍ਰੀਸਥਿਤੀਆਂ ਦਾ ਪ੍ਰਭਾਵ ਮਨ ਤੇ ਹਾਵੀ ਹੋ ਜਾਣਾ ਕੁਦਰਤੀ ਹੈ। ਸੋਹਣ ਸਿੰਘ ਸਧਾਰਣ ਹੋ ਕੇ ਵੀ, ਇੱਕ ਆਸਧਾਰਣ ਵਿਅੱਕਤੀ ਸੀ। ਕਾਸ਼ ਉਹ ਵੀਹ ਕੁ ਸਾਲ ਹੋਰ ਜੀਉਂਦਾ ਰਹਿੰਦਾ! ਮੈਨੂੰ ਆਪਣੇ ਬੇਟੇ ਦੇ ਵਿਆਹ ਤੇ ਉਸਦੀ ਬੜੀ ਯਾਦ ਆਈ ਸੀ। ਇੱਕ ਸ਼ਾਮ ਮੇਰੇ ਘਰ ਬੈਠਿਆਂ ਉਸ ਆਖਿਆ ਸੀ-ਲੈ ਬਈ, ਹੁਣ ਛਿੰਦੇ ਦੇ ਵਿਆਹ 'ਤੇ ਰੱਜ ਕੇ ਪੀਆਂਗੇ; ਤੇਰੀ ਭੈਣ ਦੇ ਵਿਆਹ ਤੇ ਤਾਂ ਪੰਗਿਆਂ ਵਿੱਚ ਹੀ ਉਲਝੇ ਰਹੇ।"ਮੈਨੂੰ ਜਾਪਿਆ ਜਿਵੇਂ ਥੋੜਾ-ਥੋੜਾ ਮੇਰੇ ਗੁਰੂ ਜੀ ਵੀ ਇਸ ਇਕੱਲ ਦੇ ਅਹਿਸਾਸ ਦਾ ਸ਼ਿਕਾਰ ਹੋਣ! ਮੈਂ ਸੋਚਣ ਲੱਗਾ ਕਿ ਪਤਵੰਤ ਹੁਣਾ ਨੂੰ ਅਮਰੀਕਾ ਜਾ ਕੇ ਰਹਿਣ ਦੀ ਕੀ ਮਜਬੁਰੀ ਹੈ ਜਦੋਂ ਕਿ ਪੰਜਾਬ ਵਿੱਚ ਹੀ, ਉਨਾਂ੍ਹ ਪਾਸ ਏਨੀ ਜਾਇਦਾਦ ਹੈ। ਫਿਰ ਖ਼ਿਆਲ ਆਇਆ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਬੇਟਾ, ਅਮਰੀਕਾ ਵਿੱਚ ਵਸ ਸਕਦਾ ਹੈ ਤਾਂ ਗੁਰੂ ਜੀ ਦੇ ਕਿਉਂ ਨਹੀਂ? ਹਰ ਇੱਕ ਨੂੰ ਆਪਣੀ ਮਨ ਮਰਜ਼ੀ ਨਾਲ਼ ਜੀਉਣ ਦਾ ਹੱਕ ਹੈ; ਗਲੋਬਲ ਵਿਲੇਜ ਦਾ ਇਹੋ ਹੀ ਤਾਂ ਸੰਕਲਪ ਹੈ। ਜਾਪਿਆ ਜਿਵੇਂ ਗੁਰੂ ਜੀ, ਆਪਣੇ ਫਾਰਮ-ਹਾਊਸ ਵਿੱਚ ਨੌਕਰਾਂ ਨਾਲ਼ ਆਪਣੇ ਬੱਚਿਆਂ ਵਰਗਾ ਵਰਤਾਓ ਕਰਕੇ, ਇਕੱਲਤਾ ਦੇ ਅਹਿਸਾਸ ਨੂੰ ਭਰਨ ਦਾ ਜਤਨ ਕਰ ਰਹੇ ਹੋਣ! ਰੱਬ ਦੀ ਰਜ਼ਾ ਨਾਲ਼ ਜੇ ਮਨੁੱਖੀ ਮਨਾਂ ਵਿਚਲਾ ਖਲਾਅ ਇਸ ਤਰਾਂ ਵੀ ਭਰ ਸਕੇ ਤਾਂ ਇਸ ਨੂੰ ਖੁਸ਼ਕਿਸਮਤੀ ਹੀ ਆਖਿਆ ਜਾਣਾ ਚਾਹੀਦਾ ਹੈ। ਇੱਥੇ ਮੈਨੂੰ ਆਪਣਾ ਹੀ ਇੱਕ ਸ਼ਿਅਰ ਯਾਦ ਆਉਂਦਾ ਹੈ: ਉਪੱਰੋਂ-ਉਪੱਰੋਂ ਸਾਗਰ ਲੱਗੀਏ ਵਿੱਚੋਂ ਹਾਂ ਸਹਿਰਾ । ਆਪਣੇ ਅੰਦਰ ਝਾਕ ਕੇ ਵੇਖੋ ਕੌਣ ਨਹੀਂ ਤਨਹਾ !ਕਈ ਵਾਰ ਸਭ ਕੁੱਝ ਹੁੰਦੇ ਹੋਏ ਵੀ, ਬੰਦਾ ਪਤਾ ਨਹੀਂ ਕਿਉਂ ਅਜਿਹੇ ਖਲਾਅ ਦਾ ਸ਼ਿਕਾਰ ਹੋ ਜਾਂਦਾ ਹੈ! ਇਕੱਲ ਦਾ ਅਹਿਸਾਸ, ਕਿਸੇ ਬੰਦੇ ਦੇ ਦਿਲ ਵਿੱਚ ਉਤੱਰ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਪਤਾ ਨਹੀਂ ਦੁਨੀਆਂ ਦੇ ਕਰੋੜਾਂ ਲੋਕ ਮਾਈਕਲ ਜੈਕਸਨ ਨੂੰ ਸੰਸਾਰ ਦਾ ਮਸ਼ਹੂਰ ਗਾਇਕ, ਖੁਸ਼ਕਿਸਮਤ, ਅਮੀਰ, ਸੁਖੀ ਅਤੇ ਖੁਸ਼ੀ ਬੰਦਾ ਸਮਝਦੇ ਰਹੇ ਹੋਣਗੇ; ਪਰ ਉਹ ਕਿਵੇਂ ਜਾਨਣ ਕਿ ਵਿਚਾਰਾ ਮਾਈਕਲ ਤਾਂ ਸਾਰੀ ਜ਼ਿੰਦਗੀ, ਆਪਣੇ ਮਨ ਅੰਦਰ ਇਕੱਲ ਹੀ ਭੋਗਦਾ ਰਿਹਾ ਹੈ! ਮੇਰੇ ਨਾਲ਼ ਵੀ ਕਦੇ ਕਦਾਈਂ ਏਦਾਂ ਹੁੰਦਾ ਹੈ। ਘਰ ਵਿੱਚ ਵੀ ਕੋਈ ਇਨਸਾਨ ਇਉਂ ਤਨਹਾ ਮਹਿਸੂਸ ਕਰ ਸਕਦਾ ਹੈ ਅਤੇ ਭੀੜ ਵਿੱਚ ਵੀ । ਆਪੋ-ਆਪਣੀ ਵੱਖਰੀ ਸੋਚ ਤੇ ਵਿਚਾਰ ਹੋਣ ਕਾਰਣ, ਹਰ ਬੰਦੇ ਦੀ ਜੀਵਨ ਸ਼ੈਲੀ ਵੱਖਰੀ ਹੁੰਦੀ ਹੈ। ਧਰਮੀ ਬੰਦੇ ਦੇ ਬੋਲ ਯਾਦ ਆਉਂਦੇ ਹਨ, "ਜ਼ਿੰਗਦੀ ਵਿੱਚ ਕਦੇ ਹਾਰ ਨਹੀਂ ਮੰਨੀਦੀ। ਮੁਸ਼ਕਿਲਾਂ ਨਾਲ਼ ਮਰਦੇ ਦਮ ਤੱਕ ਲੜੋ। ਭਾਈਚਾਰਾ ਤੇ ਹੋਰ ਦੁਨੀਆਂ ਹਮੇਸ਼ਾਂ ਦਿਲ ਦੀ ਅਮੀਰੀ ਨੂੰ ਤਰਜੀਹ ਦੇਵੇਗੀ, ਨਾ ਕਿ ਪੈਸੇ ਦੀ ਅਮੀਰੀ ਨੂੰ। ਦੂਜਿਆਂ ਦੇ ਕੰਮ ਆਉਣ ਨਾæਲ ਜੋ ਖੁਸ਼ੀ ਮਿਲਦੀ ਹੈ, ਉਸ ਦਾ ਆਪਣਾ ਹੀ ਇੱਕ ਲੁਤੱਫ ਹੁੰਦਾ ਹੈ। ਆਪਣੀ ਜੀਵਨ-ਸ਼ੈਲੀ ਅਤੇ ਸੋਚ ਅਨੁਸਾਰ ਜੀਓ ਅਤੇ ਆਪਣੇ ਰਿਸ਼ਤਿਆਂ ਨੂੰ ਵੀ, ਇਸੇ ਅਨੁਸਾਰ ਜੀਣ ਦਿਓ। ਚਾਹੇ ਉਹ ਭੈਣ-ਭਰਾ ਹੋਣ; ਪੁਤੱਰ, ਭਤੀਜੇ ਜਾਂ ਭਾਣਜੇ, ਜਾਂ ਫਿਰ ਪੋਤੇ-ਪੋਤਰੀਆਂ ਅਤੇ ਦੋਹਤੇ-ਦੋਹਤਰੀਆਂ।"ਮੈਂ ਆਪਣੀਆਂ ਗ਼ਜ਼ਲਾਂ ਦਾ ਖਰੜਾ ਤਿਆਰ ਕਰ ਰਿਹਾ ਹਾਂ। ਚਾਰ ਕੁ ਪੈਗ ਪੀ ਕੇ ਪਤਨੀ ਨੂੰ ਆਖਦਾ ਹਾਂ-"ਇਉਂ ਲਗਦੈ ਇਹ ਮੇਰਾ ਆਖਰੀ ਗ਼ਜ਼ਲ ਸੰਗ੍ਰਹਿ ਹੋਵੇਗਾ। ਪਤਾ ਨਹੀਂ ਕਿਸ ਦੇ ਨਾਮ ਕਰਾਂ? ਤੇਰੇ ਨਾਂ ਕਰ ਦਿਆਂ?""ਨਹੀਂ, ਉਸ ਦੇ ਨਾਮ ਕਰੋ ਜਿਸਨੇ ਤੁਹਾਨੂੰ ਇਹ ਚੇਟਕ ਲਾਈ ਹੈ, ਸੋਹਣ ਭਾ ਜੀ ਦੇ।"ਸੋਚਦਾ ਹਾਂ ਚਲੋ ਇਸ ਤਰਾਂ੍ਹ ਨਾਲ਼ ਇਹ ਮੇਰੀ ਉਸ ਲਈ ਸ਼ਰਧਾਂਜਲੀ ਹੋਵੇਗੀ; ਸੋਹਣ ਸਿੰਘ ਧਾਰੀਵਾਲ ਲਈ। ਜ਼ਿੰਦਗੀ ਵਿੱਚ ਤਿੰਨ ਦੋਸਤ ਮਿਲੇ ਜੋ ਨਿਭੇ। ਇੰਗਲੈਂਡ ਵਿੱਚ ਸੋਹਨ ਸਿੰਘ ਧਾਰੀਵਾਲ, ਪੰਜਾਬ ਵਿੱਚ ਹਰਦੇਵ ਸਿੰਘ ਲਾਲੀ ਅਤੇ ਸਮਰਾਏ-ਜੰਡਿਆਲ਼ਾ ਦੇ ਸਕੂਲ ਪੜ੍ਹਦਿਆਂ, ਸੁਭਾਸ਼ ਮਲਹੋਤਰਾ।ਔਰਤ ਮਿਤੱਰਾਂ ਦੀ ਗੱਲ ਕਰਾਂ ਤਾਂ ਸਿਰਫ ਬਚਿੰਤ ਕੌਰ ਦਾ ਨਾਂ ਹੀ ਰਹਿ ਜਾਂਦਾ ਹੈ ਜਿਸ ਨਾਲ਼ ਸਾਡੀ ਇੱਕ ਪ੍ਰਵਾਰਿਕ ਸਾਂਝ ਬਣੀ ਹੋਈ ਹੈ। ਭਾਰਤ ਤੋਂ ਵਾਪਸ ਆਇਆਂ ਅੱਜ ਸਾਨੂੰ ਦੋ ਹਫਤੇ ਤੋਂ ਵੱਧ ਸਮਾਂ ਹੋ ਗਿਆ ਹੈ। ਸੁਭਾਸ਼ ਦਾ ਡੁਬਾਈ ਤੋਂ ਫੋਨ ਆਇਆ । ਗੱਲਾਂ ਕਰਦਿਆਂ ਪੁੱਛਣ ਲੱਗਾ, "ਉਦਾਸ ਜਿਹਾ ਕਿਉਂ ਲਗੱਦੈਂ? ਖੁਸ਼ ਰਿਹਾ ਕਰ ਯਾਰ! ਸਭ ਬਦਲ ਗਏ, ਚੰਗਾ ਹੈ ਤੂੰ ਵੀ ਬਦਲ ਜਾ, ਸੁਖੀ ਰਹੇਂਗਾ।""ਮੈਂ ਚਾਹੇ ਦੁਖੀ ਰਹਾਂ ਪਰ ਬਦਲਣ ਨੂੰ ਰੂਹ ਨਹੀਂ ਮੰਨਦੀ; ਦੂਜੀ ਗੱਲ, ਤੀਹ ਕੁ ਸਾਲ ਪਹਿਲਾਂ ਕੋਈ ਮੈਨੂੰ ਇਉਂ ਕਹਿੰਦਾ ਤਾਂ ਸ਼ਾਇਦ ਮੈਂ ਉਸ ਦੀ ਗੱਲ ਤੇ ਗੌਰ ਕਰਦਾ ਪਰ ਹੁਣ ਜ਼ਿੰਦਗੀ ਦੇ ਕਿੰਨੇ ਕੁ ਦਿਨ ਬਾਕੀ ਨੇ? ਹੁਣ ਮੈਨੂੰ ਇਸੇ ਤਰ੍ਹਾਂ ਹੀ ਰਹਿਣ ਦਿਓ, ਜਿਵੇਂ ਹਾਂ।"ਦੂਜੇ ਦਿਨ, ਅਜੀਤ ਸਿੰਘ ਦਿਓਲ ਨਾਲ਼, ਉਸ ਦੀ ਕਿਤਾਬ ਬਾਰੇ ਅਤੇ ਹਾਲ-ਚਾਲ ਪੁੱਛਣ ਲਈ ਫੋਨ ਕੀਤਾ ਤਾਂ ਉਹ ਘਰ ਨਹੀਂ ਮਿਲੇ, ਧਰਮਿੰਦਰ ਭਾਅ ਜੀ ਵੀ ਕਿਤੇ ਬਾਹਰ ਗਏ ਹੋਏ ਸਨ। ਫੇਰ ਦਿਲ ਕੀਤਾ ਬਚਿੰਤ ਕੌਰ ਨੂੰ ਫੋਨ ਕਰਾਂ, ਪਰ ਉਸ ਨਾਲ਼ ਵੀ ਫੋਨ 'ਤੇ ਰਾਬਤਾ ਨਹੀਂ ਹੋ ਸਕਿਆ! ਬੂਟਾ ਸਿੰਘ ਸ਼ਾਦ ਨੂੰ ਫੋਨ ਕੀਤਾ ਤਾਂ ਜਾਪਿਆ ਕਿ ਛੋਟੇ ਭਰਾ, ਬੱਗਾ ਸਿੰਘ ਦੀ ਮੌਤ ਪਿੱਛੋਂ, ਉਹ ਬਹੁਤ ਉਦਾਸ ਅਤੇ ਤਨਹਾ ਮਹਿਸੂਸ ਕਰਨ ਲੱਗੇ ਹਨ। ਗੁਲਜ਼ਾਰ ਅਤੇ ਸੁਖਵੀਰ ਜੀ ਦੇ ਮਨ 'ਚ ਝਾਤੀ ਮਾਰਦਿਆਂ, ਮੈਨੂੰ ਉਹਨਾਂ ਅੰਦਰ ਵੀ, ਇੱਕ ਅਜਬ ਜਿਹੇ ਖ਼ਲਾਅ ਦਾ ਅਨੁਭਵ ਹੋਇਆ ਸੀ। ਫਿਰ ਮਨ ਦੇ ਚਿਤੱਰਪਟ ਤੇ ਹਦੀਆਬਾਦ ਦਾ ਉਹੀ ਦ੍ਰਿਸ਼ ਸਾਕਾਰ ਹੋ ਜਾਂਦਾ ਹੈ। ਅਸੀਂ ਮਖਸੂਦਪੁਰੀ ਦੀ ਕੋਠੀ ਲੱਭ ਰਹੇ ਹਾਂ। ਮੇਰੀ ਪਤਨੀ ਆਖਦੀ ਹੈ, "ਬੱਸ ਉਹ ਪਿਛਲੀ ਕਤਾਰ ਵਿੱਚ ਹੀ ਕਿਤੇ ਹੋਵੇਗੀ। ਪਿਛਲੀ ਵਾਰ ਆਪਾਂ ਇੱਥੋਂ ਦੀ ਹੀ ਲੰਘੇ ਸਾਂ।"ਸਾਹਮਣੇ ਵਾਲ਼ੇ ਪਾਸਿਓਂ ਤਿੰਨ ਆਦਮੀ ਆ ਰਹੇ ਹਨ। ਇੱਕ ਆਦਮੀ ਦੇ ਚਿਹਰੇ ਤੇ ਮਹਾਂ-ਪੁਰਸ਼ਾਂ ਵਰਗਾ ਤੇਜ ਹੈ। ਸਧਾਰਣ ਮਨੁੱਖ ਹੋ ਕੇ ਵੀ, ਉਹ ਆਸਧਾਰਣ ਜਾਪਦਾ ਹੈ। ਅਸੀਂ ਉਸ ਵਿਅੱਕਤੀ ਨਾਲ਼ ਰੂਹਾਨੀ ਸਾਂਝ ਅਤੇ ਅਜੋਕੇ ਰਿਸ਼ਤਿਆਂ ਦੀਆਂ ਗੱਲਾਂ ਸ਼ੁਰੂ ਕਰ ਬੈਠੇ। ਮੇਰੀ ਪਤਨੀ ਜਜ਼ਬਾਤੀ ਹੋ ਕੇ ਕਹਿਣ ਲੱਗੀ," ਮੇਰੇ ਬੇਟੇ ਅਤੇ ਬੇਟੀਆਂ ਵਰਗਾ ਹੋਰ ਕੋਈ ਨਹੀਂ ਹੋ ਸਕਦਾ! ਪਰਦੇਸਾਂ ਵਿੱਚ ਰਹਿਣ ਕਰਕੇ, ਅਸੀਂ ਇੱਥੇ ਉਦਾਸ ਅਤੇ 'ਕੱਲੇ ਜਿਹੇ ਮਹਿਸੂਸ ਕਰਦੇ ਹਾਂ"ਉਹ ਮਹਾਂ ਪੁਰਸ਼ ਬੋਲਿਆ, "ਬੇਟਾ ਜੀ, ਇਹ ਵੀ ਇੱਕ ਤਰ੍ਹਾਂ ਦਾ ਹੰਕਾਰ ਹੈ, ਇੱਕ ਦਿਨ ਤੁਹਾਨੂੰ ਸ਼ਾਇਦ ਇਸ ਗੱਲ 'ਤੇ ਵੀ ਸ਼ਰਮਿੰਦਾ ਹੋਣਾ ਪਵੇ। ਕਿਸੇ ਤੇ ਏਨਾ ਮਾਣ ਵੀ ਨਹੀਂ ਕਰੀਦਾ। ਉਹ ਜਿਸ ਤਰਾਂ੍ਹ ਦੇ ਤੁਹਾਨੂੰ ਤੀਹ ਸਾਲ ਪਹਿਲਾਂ ਲਗਦੇ ਸੀ, ਹੁਣ ਉਸ ਤਰ੍ਹਾਂ ਦੇ ਨਹੀਂ ਹੋ ਸਕਦੇ। ਜੇ ਬੁਰੇ ਸਨ ਤਾਂ ਹੁਣ ਸ਼ਾਇਦ ਕੁੱਝ ਕੁ ਚੰਗੇ ਹੋ ਗਏ ਹੋਣ ਪਰ ਜੇ ਉਸ ਵੇਲੇ ਬਹੁਤ ਚੰਗੇ ਲਗਦੇ ਸਨ ਤਾਂ ਸ਼ਾਇਦ, ਹੁਣ ਓਨੇ ਚੰਗੇ ਨਾ ਜਾਪਣ! ਕਿਸੇ ਦਾ ਪਤੀ ਜੋ ਜਵਾਨੀ ਵੇਲੇ ਪਥੱਰ ਦਿਲ ਹੋਵੇ, ਬੁਢਾਪੇ ਤੱਕ ਪਹੁੰਚਦਾ ਮੋਮ-ਦਿਲ ਵੀ ਹੋ ਸਕਦਾ ਹੈ। ਪ੍ਰੀਵਰਤਨ ਅਧੀਨ ਚੰਗਾ ਵੀ ਵਾਪਰਦਾ ਹੈ ਤੇ ਮੰਦਾ ਵੀ।"ਉਸ ਦਿਨ ਘਰ ਆ ਕੇ, ਮੈਂ ਸੋਚਣ ਲੱਗਾ ਕਿ ਮੇਰੇ ਵਰਗੇ ਲੋਕ ਇਹ ਨਹੀਂ ਸੋਚਦੇ ਕਿ ਸਾਡੇ ਤਾਂ ਅੱਧੇ ਕੁ ਘਰ ਹੀ ਗੁਆਚੇ ਹਨ, ਸਾਡੇ ਬੱਚਿਆਂ ਦੇ ਸ਼ਾਇਦ ਪੂਰੇ ਹੀ ਗੁਆਚ ਜਾਣ! ਖ਼ਾਸ ਕਰਕੇ ਉਹ ਬੱਚੇ, ਜਿਹਨਾਂ ਨੂੰ ਸੰਯੁਕਤ ਪਰਵਾਰਾਂ ਵਿੱਚ ਰਹਿਣਾ-ਵਿਚਰਨਾ ਨਸੀਬ ਹੋਇਆ ਹੋਵੇ। ਜੇਕਰ ਉਹ ਗਲੋਬਲ ਪ੍ਰੀਵਰਤਨ ਨੂੰ ਸਵੀਕਾਰਦਿਆਂ ਸੋਚਣਗੇ ਤਾਂ ਫਿਰ ਸ਼ਾਇਦ, ਉਹਨਾਂ ਨੂੰ ਇਸ ਵਿਗੋਚੇ ਦਾ ਬਹੁਤਾ ਅਹਿਸਾਸ ਨਾ ਹੀ ਰੜਕੇ! ਇਉਂ ਸੋਚ ਕੇ, ਸਾਨੂੰ ਵੀ ਤਾਂ ਝੂਰਨਾ ਨਹੀਂ ਚਾਹੀਦਾ। ਮੈਨੂੰ ਏਨਾ ਪਤਾ ਹੈ ਕਿ ਕੋਈ ਵੀ ਬੰਦਾ ਸੋਲਾਂ ਕਲਾਂ ਸੰਪੂਰਣ ਨਹੀਂ ਹੋ ਸਕਦਾ । ਇਹ ਸੰਭਵ ਹੀ ਨਹੀਂ ਹੈ। ਇਹ ਗੱਲ ਮਹਾਂ ਪੁਰਸ਼ਾਂ ਤੇ ਵੀ ਲਾਗੂ ਹੋ ਸਕਦੀ ਹੈ ਤੇ ਹੁੰਦੀ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਸ਼ਰਧਾ ਵਜੋਂ, ਅਸੀਂ ਬਹੁਤ ਕੁੱਝ ਢਕਣ ਦੀ ਫਿਤਰਤ ਅਪਣਾਈ ਹੋਈ ਹੈ, ਜਾਂ ਫਿਰ ਡਰ-ਦਬਾ ਕਾਰਣ। ਹਰ ਵਿਅੱਕਤੀ ਵਿੱਚ ਕੁੱਝ ਗੁਣ ਹੁੰਦੇ ਹਨ ਅਤੇ ਕੁੱਝ ਔਗੁਣ। ਕਈਆਂ ਵਿੱਚ ਅਨੇਕਾਂ ਗੁਣ ਹੁੰਦੇ ਹਨ ਪਰ ਇੱਕ-ਅੱਧ ਔਗੁਣ ਅਜਿਹਾ ਹੁੰਦਾ ਹੈ, ਜੋ ਸਾਰੇ ਗੁਣਾਂ ਤੇ ਪਾਣੀ ਫੇਰ ਦਿੰਦਾ ਹੈ। ਇਸ ਤੋਂ ਉਲਟ, ਕਈਆਂ ਵਿੱਚ ਔਗੁਣ ਬਥੇਰੇ ਹੁੰਦੇ ਹਨ ਪਰ ਇੱਕ-ਅੱਧ ਗੁਣ ਅਜਿਹਾ ਹੁੰਦਾ ਹੈ ਕਿ ਬੰਦਾ ਉਸ ਦੇ, ਸਾਰੇ ਔਗੁਣਾਂ ਨੂੰ ਨਜ਼ਰ-ਅੰਦਾਜ਼ ਕਰ ਜਾਂਦਾ ਹੈ। ਸਮਾਜਿਕ, ਸਭਿਆਚਾਰਿਕ ਅਤੇ ਰਾਜਨੀਤਕ ਪ੍ਰੀਵਰਤਨ ਕਾਰਣ ਬਹੁਤ ਕੁੱਝ ਬਦਲ ਗਿਆ ਹੈ । ਇਹ ਬਦਲਾਵ ਕੁਦਰਤੀ ਹੈ। ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਕਾਰਣ ਹੀ ਲੋਕਾਂ ਦੀ ਫਿਤਰਤ ਤਿਜਾਰਤੀ ਅਤੇ ਸੁਆਰਥੀ ਬਣ ਗਈ ਹੈ। ਬਦੇਸ਼ਾਂ ਤੋਂ ਜਦੋਂ ਭਾਰਤੀ ਲੋਕ, ਆਪਣੇ ਦੇਸ਼ ਪਰਤਦੇ ਹਨ ਤਾਂ ਉਹਨਾਂ ਨੂੰ ਇਹ ਪ੍ਰੀਵਰਤਨ ਬਹੁਤ ਰੜਕਦਾ ਅਤੇ ਪਰੇਸ਼ਾਨ ਕਰਦਾ ਹੈ ਕਿਉਂਕਿ ਉਹਨਾਂ ਨੇ ਇਸ ਨੂੰ, ਭਾਰਤ ਵਿੱਚ ਵਸਦੇ ਲੋਕਾਂ ਵਾਂਗੂ, ਹੌਲ਼ੀ-ਹੌਲ਼ੀ ਨਹੀਂ ਹੰਢਾਇਆ ਹੈ। ਇਸ ਦਾ ਨੁਕਸਾਨ ਇਹ ਹੋਇਆ ਹੈ ਕਿ ਨੈਗੇਟਿਵ ਸੋਚ ਧਾਰਣ ਕਰ ਕੇ, ਬਹੁਤੇ ਲੋਕ ਕਾਫੀ ਹੱਦ ਤੱਕ, ਸੁਆਰਥੀ ਅਤੇ ਸਵੈ-ਕੇਂਦਰਿਤ ਬਣਦੇ ਜਾ ਰਹੇ ਹਨ। ਇਹ ਇੱਕ ਮਾੜਾ ਪਹਿਲੂ ਹੈ।ਆਪਣੀ ਵਿਚਾਰਧਾਰਾ ਨੂੰ ਕਿਸੇ ਨਾਲ ਸਾਂਝਿਆਂ ਕਰਨ ਲਈ, ਹਰ ਮਨੁੱਖ ਦਾ ਮਨ ਲੋਚਦਾ ਹੈ। ਪਰ ਅਜਿਹਾ ਮਨੁੱਖ ਜੋ ਸੁਹਿਰਦ ਦੋਸਤ ਸਾਬਿਤ ਹੋ ਸਕੇ, ਮਿਲਣਾ ਸੌਖਾ ਨਹੀਂ ਸਗੋਂ ਅਸੰਭਵ ਜਾਪਦਾ ਹੈ। ਇਹੋ ਅਹਿਸਾਸ ਬੰਦੇ ਦੇ ਮਨ ਜਾਂ ਰੂਹ ਅੰਦਰ ਉਤੱਰ ਕੇ, ਇੱਕ ਨਾ ਭਰ ਸਕਣ ਵਾਲਾ ਖ਼ਲਾਅ ਬਣ ਜਾਂਦਾ ਹੈ। ਅਚਾਨਕ ਮੇਰਾ ਧਿਆਨ ਦੋ ਮਨੁੱਖਾਂ ਵੱਲ ਜਾਂਦਾ ਹੈ ਜੋ ਮੈਨੂੰ ਪੰਜਾਬ ਫੇਰੀ ਦੌਰਾਨ, ਦੋਸਤਾਂ ਵਰਗੇ ਜਾਪੇ ਹਨ ਜਾਂ ਜਾਪੇ ਸਨ! ਇੱਕ ਜਲੰਧਰ, ਦੂਜਾ ਫਗਵਾੜੇ, ਜਾਪਦੈ ਜਿਵੇਂ ਉਹ ਵੀ ਮੇਰੇ ਵਾਂਗੂ ਦੁੱਖਾਂ-ਤਕਲੀਫਾਂ ਦੇ ਸਫਰ ਵਿੱਚੋਂ ਗੁਜ਼ਰੇ ਹੋਣ। ਰੂਹ ਜਿਵੇਂ ਕੋਈ ਤਰਲਾ ਜਿਹਾ ਪਾ ਰਹੀ ਹੋਵੇ! ਦਿਲ 'ਚ ਯਾਰੋ ਕਾਸ਼ ਕੋਈ ਇਸ ਤਰਾਂ੍ਹ ਉਤੱਰ ਸਕੇ। ਜ਼ਿੰਦਗੀ ਦੇ ਖ਼ਾਲੀਪਨ ਨੂੰ ਹੋਂਦ ਜਿਸਦੀ ਭਰ ਸਕੇ! --------------

ਅਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ - ਸਰਬਜੀਤ ਕੌਰ


ਗੱਲ ਬਹੁਤ ਪੁਰਾਣੀ ਹੈ. ਜਦ ਮੈ ਨਵੀਂ ਨਵੀਂ ਯੂ. ਕੇ. ਆਈ ਤਾਂ ਮੇਰੀ ਉਮਰ 19 ਸਾਲ ਦੀ ਸੀ. ਉਹਨਾਂ ਦਿਨਾਂ ਵਿੱਚ ਆਮ ਫੋਨ ਨਹੀ ਸੀ ਹੁੰਦੇ. ਤੇ ਇੰਟਰਨੈਸ਼ਨਲ ਕਾਲ ਲਈ ਤਾ ਲੁਧਿਆਣੇ ਜਾ ਕੇ ਕਾਲ ਬੁੱਕ ਕਰਵਾਉਣੀ ਪੈਂਦੀ ਸੀ ਤੇ ਫਿਰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਸੀ ਕਿ ਕਦ ਕਾਲ ਮਿਲੇ. ਸੋ ਉਦੋਂ ਫੋਨ ਸਿਰਫ ਮੁਸੀਬਤ ਵੇਲੇ ਵਰਤਿਆ ਜਾਂਦਾ ਸੀ. ਟੈਲੀਗਰਾਮ ਫੋਨ ਤੋਂ ਜਲਦੀ ਮਿਲ ਜਾਂਦੀ ਸੀ. ਸੋ ਚਿੱਠੀਆਂ ਹੀ ਘੱਲੀਆਂ ਜਾਂਦੀਆਂ ਸਨ.ਮੇਰੇ ਪੇਰੈਂਟਸ ਇੰਡੀਆ ਚ ਸਨ ਉਦੋਂ ਤੇ ਮੈ ਇਕੱਲੀ ਇੰਗਲੈਂਡ ਵਿੱਚ ਸੀ ਅਤੇ ਸਹੁਰੇ ਘਰ ਦਾ ਮਾਹੌਲ ਬਹੁਤ ਹੀ ਸਾਹ ਘੁੱਟਵਾਂ ਸੀ. ਮੇਰਾ ਬਹੁਤ ਸਾਲ ਦਿਲ ਨਹੀ ਲੱਗਿਆ. ਮੈ ਸਟੋਰ ਤੇ ਹੁੰਦੀ ਸੀ ਤੇ ਉੱਥੇ ਚਿੱਠੀਆਂ ਲਿਖਦੀ ਰਹਿੰਦੀ ਸੀ.ਜਦ ਖਤ ਘੱਲਣਾ, ਤੇ ਉਸ ਤੋਂ 15 ਦਿਨ ਗਿਣ ਕੇ ਸੋਲਵੀ ਤਰੀਕ ਤੇ ਕੈਲੰਡਰ ਤੇ ਨਿਸ਼ਾਨ ਲਾਇਆ ਹੁੰਦਾ ਸੀ.ਸੱਤ ਦਿਨ ਖਤ ਜਾਣ ਦੇ, ਇੱਕ ਦਿਨ ਉਨਾ ਦਾ ਜਵਾਬ ਲਿਖਣ ਦਾ ਤੇ ਫਿਰ ਸੱਤ ਦਿਨ ਉਹਨਾਂ ਵੱਲੋਂ ਖਤ ਆਉਣ ਨੂੰ ਲੱਗਣੇ ਹੁੰਦੇ ਸੀ. ਤੇ ਡਾਕ ਤਾਰ ਵਿਭਾਗ ਦੇ ਲੇਟ ਹੋਣ ਦਾ ਇੱਕ ਦਿਨ.ਏਦਾਂ ਹਰ ਰੋਜ਼ ਕੈਲੰਡਰ ਤੇ ਦਿਨ ਗਿਣ ਲੈਣੇ ਕਿ ਏਨੇ ਦਿਨ ਰਹਿ ਗਏ ਚਿੱਠੀ ਆਉਣ ਚ....ਤੇ ਸੱਚੀ ਉਸ ਤਰੀਕ ਤੱਕ ਖਤ ਆ ਜਾਂਦਾ ਹੁੰਦਾ ਸੀ........ਚਿੱਠੀਆਂ ਵੀ ਲੰਬੀਆਂ ਲੰਬੀਆਂ ਹੁੰਦੀਆਂ ਸੀ, ੮-੧੦ ਸਫਿਆਂ ਦੀਆਂ ਚਿੱਠੀਆਂ ਵਿੱਚ ਬੜਾ ਕੁਝ ਹੁੰਦਾ ਸੀ ਪਿਆਰ, ਵੈਰਾਗ, ਗਿਲੇ ਸ਼ਿਕਵੇ ਖਬਰਾਂ ਹਰ ਖਤ ਕਿੰਨੀ ਕਿੰਨੀ ਵਾਰ ਪੜ੍ਹਨਾ ਤੇ ਹਰ ਵਾਰ ਅੱਖਾਂ ਭਰ ਭਰ ਡੁੱਲਣੀਆਂ..... ਹਰ ਖਤ ਲਿਖਣ ਵੇਲੇ ਵੀ ਰੋਣਾ ਤੇ ਪੜ੍ਹਨ ਵੇਲੇ ਵੀ ਰੋਣਾ...... ਜਦ ਕਦੀ ਖਤ ਆਉਣ ਵਿੱਚ ਦੇਰੀ ਹੋ ਜਾਣੀ ਤਾਂ ਪੁਰਾਣੇ ਹੀ ਕੱਢ ਕੱਢ ਪੜ੍ਹੀ ਜਾਣੇ...... ਸਵੇਰੇ ਕੰਮ ਤੇ ਤੁਰਨ ਲੱਗਿਆਂ ਜਾਣ ਬੁੱਝ ਕੇ ਲੇਟ ਹੋਣ ਲਈ ਇੱਧਰ ਓੁਧਰ ਪੈਰ ਜਿਹੇ ਮਲੀ ਜਾਣੇ ਤਾ ਕਿ ਘਰੋਂ ਤੁਰਨ ਤੋਂ ਪਹਿਲਾਂ ਪੋਸਟਮੈਨ ਆ ਜੀ ਜਾਵੇ.. ਫੇਰ ਹੌਲੀ ਹੌਲੀ ਚਿੱਠੀਆਂ ਦੀ ਥਾਂ ਫੋਨਾਂ ਨੇ ਲੈ ਲਈ. ਬੜੀ ਖੁਸ਼ੀ ਹੁੰਦੀ ਸੀ ਕਿ ਹੁਣ ਆਵਾਜ਼ ਸੁਣ ਸਕਿਆ ਕਰਾਂਗੇ... ਜਦ ਦੂਜੇ ਪਾਸਿਓਂ ਘਰ ਦਿਆਂ ਦੀ ਆਵਾਜ਼ ਆਉਣੀ ਤਾਂ ਬੜਾ ਚੰਗਾ ਲਗਣਾ.... ਫੇਰ ਟੈਲੀਫੋਨ ਵੀ ਆਮ ਹੋ ਗਏ..... ਜੋ ਚੀਜ਼ ਆਮ ਹੋ ਜਾਂਦੀ ਹੈ ਓਸ ਦੀ ਅਹਿਮੀਅਤ ਓਹ ਨਹੀ ਰਹਿੰਦੀ.. ਹੁਣ ਕਦੀ ਕਦੀ ਫੋਨ ਵੱਜਦਾ ਤੇ ਨੰਬਰ ਦੇਖ ਕੇ ਕਹਿ ਦੇਈਦਾ,''ਜ਼ਰੂਰੀ ਨਹੀ ਫੇਰ ਕਰ ਲਵਾਂਗੇ'' ਤੇ ਫੋਨ ਚੁੱਕੀਦਾ ਵੀ ਨਹੀਂ.... ਹੁਣ ਡਾਕੀਏ ਦੀ ਉਡੀਕ ਨਹੀਂ ਰਹਿੰਦੀ.... ਨਾ ਹੀ ਕਦੀ ਕੋਈ ਨੀਲੇ ਰੰਗ ਦੀ ਚਿੱਠੀ ਆਉਦੀ ਹੈ........ ਬਰਾਊਨ ਜਾਂ ਚਿੱਟੇ ਰੰਗ ਦੇ ਲਿਫਾਫਿਆਂ ਚ ਬਿੱਲ ਹੀ ਆਉਦੇ ਨੇ... ਹੁਣ ਲਗਦਾ ਹੈ ਉਹਨਾ ਚਿੱਠੀਆਂ 'ਚ ਜੋ ਲੁਤਫ ਹੁੰਦਾ ਸੀ ਓੁਸ ਦਾ ਆਪਣਾ ਹੀ ਮਜ਼ਾ ਹੁੰਦਾ ਸੀ, ਸੱਚ ਹੀ ਅਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ.....................

Thursday, June 10, 2010

-ਡੰਡੀਆਂ-ਪਗਡੰਡੀਆਂ-


ਜਿੰਦਗੀ ਦੇ ਕੁਹਜ ਨੂੰ ਸੁਹਜ ਵਿੱਚ ਬਦਲਨ ਦੀ ਕੋਸ਼ਿਸ਼ ਹੀ ਸਾਹਿੱਤ ਹੈ - ਗੁਰਨਾਮ ਗਿੱਲ ਗੱਲਬਾਤ -ਦਰਸ਼ਨ ਦਰਵੇਸ਼
ਦਰਵੇਸ਼-ਸਭ ਤੋਂ ਪਹਿਲਾਂ ਇਹ ਦੱਸੋ ਕਿ ਸਾਹਿਤ ਦੀ ਚੇਟਕ ਕਦੋਂ ਲੱਗੀ ਸੀ?
ਗੁਰਨਾਮ ਗਿੱਲ-1965-66ਵਿੱਚ, 'ਪ੍ਰੀਤ ਲੜੀ' ਪੜ੍ਹਦਿਆਂ। ਮੇਰਾ ਜਿਗਰੀ ਦੋਸਤ ਸੋਹਣ ਸਿੰਘ ਧਾਰੀਵਾਲ ਉਸ ਵੇਲੇ ਭਾਰਤ ਤੋਂ ਤਿੰਨ ਪਰਚੇ ਮੰਗਵਾਉਂਦਾ ਹੁੰਦਾ ਸੀ, ਪ੍ਰੀਤ ਲੜੀ, ਆਰਸੀ ਅਤੇ ਨਵਾਂ ਜ਼ਮਾਨਾ।
ਦਰਵੇਸ਼- ਸਭ ਤੋਂ ਪਹਿਲੀ ਵਾਰ ਜਿਹੜੀ ਵੀ ਸਾਹਿਤਕ ਰਚਨਾ ਪੜ੍ਹੀ ਸੀ ਤਾਂ ਉਸ ਰਚਨਾ ਅਤੇ ਉਸਦੇ ਲੇਖਕ ਤੋਂ ਕਿਹੋ ਜਿਹਾ ਪ੍ਰਭਾਵ ਕਬੂਲਿਆ ਸੀ ?
ਗ ਗਿੱਲ-ਗੁਰਬਖ਼ਸ਼ ਸਿੰਘ ਮੈਨੂੰ ਨਵੀਂਆਂ ਲੀਹਾਂ ਪਾਉਣ ਵਾਲਾ ਲੇਖਕ ਜਾਪਿਆ ਸੀ। ਸਮੇਂ ਦੀ ਲੋੜ ਮੁਤਾਬਿਕ ਸੋਚਣ-ਸਮਝਣ ਵਾਲਾ। ਉਹ ਜੋ ਵੀ ਲਿਖਦਾ ਸੀ, ਆਉਣ ਵਾਲੇ ਵਕਤ ਦੇ ਅਕਸ ਨੂੰ ਆਪਣੀ ਸੋਚ ਵਿੱਚ ਸਾਕਾਰ ਕਰਕੇ, ਨਵੇਂ ਦਿਸ-ਹੱਦੇ ਸਿਰਜਦਾ ਸੀ। ਕਈ ਵਾਰ ਨਾਨਕ ਸਿੰਘ ਵਾਂਗ ਜਜ਼ਬਾਤੀ ਵੀ ਹੋ ਜਾਂਦਾ ਸੀ ਪਰ ਤਰਕ ਅਤੇ ਵਿਗਿਆਨਿਕ ਦ੍ਰਿਸ਼ਟੀ ਦੇ ਅਧਾਰ ਤੇ ਹੀ ਲਿਖਦਾ ਸੀ। ਆਪਣੇ ਯੁਗ ਦਾ ਉਹ ਸ਼੍ਰੋਮਣੀ ਸਹਿਤਕਾਰ ਅਤੇ ਪੱਤਰਕਾਰ ਸੀ।
ਦਰਵੇਸ਼- ਸਾਹਿਤ ਨਾਲ਼ ਜੁੜਨਾ ਕਿਹੋ ਜਿਹਾ ਲੱਗਾ ਸੀ ਅਤੇ ਲੱਗਦਾ ਹੈ ?
ਗਿੱਲ-ਸਮੇਂ ਦੀ ਉਂਗਲ਼ ਫੜ ਕੇ ਤੁਰਨ ਵਰਗਾ, ਕਾਲਪਨਿਕ ਉਡਾਰੀਆਂ ਭਰਨ ਵਰਗਾ। ਸੋਚਣ ਲਈ ਮਜਬੂਰ ਹੋਣ ਵਰਗਾ ਅਤੇ ਪ੍ਰਦੇਸਾਂ ਵਿੱਚ ਇਕੱਲਤਾ ਦੇ ਅਹਿਸਾਸ ਨੂੰ ਕਦੇ ਘਟਾਉਣ ਵਰਗਾ, ਅਤੇ ਕਦੇ ਵਧਾਉਣ ਵਰਗਾ। ਜਾਪਿਆ ਸੀ ਕਿ ਸਾਹਿਤ ਵਿੱਚ ਮਨੁੱਖ ਦਾ ਤੀਜਾ ਨੇਤਰ ਖੋਲ੍ਹ ਸਕਣ ਦੀ ਸ਼ਕਤੀ ਹੈ।
ਦਰਵੇਸ਼- ਰੀਸੋ ਰੀਸੀ ਤੁਸੀਂ ਵੀ ਤਾਂ ਇਸ ਗੱਲ ਨੱਲ ਸਹਿਮਤ ਹੋਵੋਂਗੇ ਕਿ ਕਿਸੇ ਵੀ ਲੇਖਕ ਦਾ, ਪਹਿਲਾਂ ਪਾਠਕ ਹੋਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ?
ਗਿੱਲ-ਇਸ ਗੱਲ ਨੂੰ ਤਾਂ ਸਾਰੇ ਮੰਨਦੇ ਹੋਣਗੇ ਕਿ input ਬਿਨਾ output ਕਿਵੇਂ ਹੋ ਸਕਦੀ ਹੈ?ਨਿੱਤ ਨਵਾਂ ਪੜ੍ਹਦੇ ਰਹਿਣ ਨਾਲ਼ ਹੀ, ਲੇਖਕ ਦੇ ਮਨ ਵਿੱਚ ਸਿਰਜਣਾ ਦੇ ਬੀਜ ਪੁੰਘਰਨ ਲਗਦੇ ਹਨ। ਸੋਚ ਵਿਕਾਸ ਕਰਨ ਲਗਦੀ ਹੈ। ਮੇਰੀ ਜਾਤੀ ਗੱਲ ਹੀ ਲੈ ਲਵੋ, ਪਿਛਲੇ ਦੋ-ਤਿੰਨ ਸਾਲਾਂ 'ਚ ਮੇਥੌਂ ਸਿਹਤ ਦੀ ਖਰਾਬੀ ਕਾਰਣ, ਬਹੁਤਾ ਪੜ੍ਹਿਆ ਨਹੀਂ ਗਿਆ ਅਤੇ ਨਤੀਜੇ ਵਜੋਂ ਲਿਖਿਆ ਵੀ ਕੁੱਝ ਨਹੀਂ ਗਿਆ!
ਦਰਵੇਸ਼-ਤੁਸੀਂ ਹੁਣ ਤੱਕ ਕਿੰਨਾ ਕੁ ਸਾਹਿਤ, ਕਿਹੜੀ ਵਿਧਾ ਵਿੱਚ ਜ਼ਿਆਦਾ ਪੜ੍ਹਿਆ ਹੈ?
ਗਿੱਲ-ਮੈਂ ਵਧੇਰੇ ਕਰਕੇ ਕਹਾਣੀ, ਕਵਿਤਾ (ਖਾਸ ਕਰਕੇ ਗ਼ਜ਼ਲ), ਰੇਖਾ-ਚਿਤੱਰ ਅਤੇ ਲੇਖ, ਦੂਜੇ ਨੰਬਰ ਤੇ ਨਾਵਲ। ਖੁਸ਼ਵੰਤ ਸਿੰਘ, ਗਾਰਗੀ, ਅਜੀਤ ਕੌਰ, ਅਮ੍ਰਿਤਾ, ਬਲਰਾਜ ਸਾਹਨੀ, ਜਗਤਾਰ, ਉਲਫਤ ਬਾਜਵਾ, ਦਲੀਪ ਕੌਰ ਟਿਵਾਣਾ, ਕੰਵਲ, ਗੁਲਜ਼ਾਰ ਸਿੰਘ ਸੰਧੂ, ਸਿੱਧੂ ਦਮਦਮੀ, ਪਾਤਰ ਅਤੇ ਹੋਰ ਬਹੁਤ ਸਾਰੇ ਨਵੇਂ ਗ਼ਜ਼ਲਕਾਰ ਮੈਨੂੰ ਚੰਗੇ ਲਗਦੇ ਹਨ। ਅਨੇਕਾਂ ਹੋਰ ਵੀ ਨਾਮ ਹਨ ਜੋ ਜ਼ਿਹਨ ਵਿੱਚ ਨਹੀਂ ਆ ਰਹੇ ਜਿਵੇਂ ਬਚਿੰਤ ਕੌਰ (ਪਗਡੰਡੀਆਂ) ਤੇ ਆਰਿਫ ਗੋਬਿੰਦਪੁਰੀ, ਜਸਵਿੰਦਰ, ਪੰਡੋਰਵੀ, ਵਿਰਕ ਅਤੇ ਡਾ: ਰਾਜਿੰਦਰ ਸਿੰਘ ਆਦਿ।
ਦਰਵੇਸ਼- ਕੁੱਝ ਇਹੋ ਜਿਹੀਆਂ ਸਾਹਿਤਕ ਕਿਰਤਾਂ ਵੀ ਤੱ ਹੋਣਗੀਆਂ ਜਿਹਨੱ ਨੂੰ ਪੜ੍ਹਨ ਦੀ ਰਾਇ ਤੁਸੀਂ ਹੋਰਾਂ ਨੂੰ ਵੀ ਦਿੰਦੇ ਹੋਵੋਂਗੇ ?ਗਿੱਲ-ਭੀਸ਼ਮ ਸਾਹਨੀ ਦੀ 'ਤਮਸ', ਖੁਸ਼ਵੰਤ ਸਿੰਘ ਦੀ 'ਟ੍ਰੇਨ ਟੂ ਪਾਕਿਸਤਾਨ' , ਅਜੀਤ ਕੌਰ ਦੀ 'ਖ਼ਾਨਾਬਦੋਸ਼', ਅਮ੍ਰਿਤਾ ਪ੍ਰੀਤਮ ਦੀ 'ਪਿੰਜਰ' ਅਤੇ ਗਾਰਗੀ ਦੀ ਨੰਗੀ ਧੁੱਪ, ਹੋਰ ਵੀ ਲੰਬੀ ਸੂਚੀ ਹੈ,ਯਾਦ ਸਾਥ ਨਹੀਂ ਦੇ ਰਹੀ!
ਦਰਵੇਸ਼-ਇੱਕ ਸਾਹਿਤਕਾਰ ਦੇ ਤੌਰ ਤੇ ਅੱਜ ਤੁਸੀਂ ਆਪਣੇ ਆਪ ਨੂੰ ਕਿੱਥੇ ਕੁ ਖੜ੍ਹਾ ਕਰਕੇ ਦੇਖਦੇ ਹੋ?
ਗਿੱਲ-ਸਾਹਿਤਕ ਸਫਰ ਦੇ ਪਹਿਲੇ ਪੜਾਅ ਨੂੰ ਪਾਰ ਕਰਕੇ, ਦੂਸਰੇ ਵਿੱਚ ਤੁਰਦਿਆਂ; ਸਮੇਂ ਦੀ ਨਬਜ਼ ਪਛਾਣਦਿਆਂ, ਗਲੋਬਲ ਹਾਲਾਤ ਅਤੇ ਜੀਵਨ ਤੇ ਝਾਤੀ ਮਾਰਦਿਆਂ, ਆਪਣੇ ਹੀ ਅੰਦਾਜ਼ ਅਤੇ ਸ਼ੈਲੀ ਅਨੁਸਾਰ ਗੱਲ ਕਹਿਣ ਦਾ ਜਤਨ ਕਰਦਾ ਹਾਂ। ਤੀਸਰੇ ਪੜਾਅ ਵਿੱਚ ਦਾਖਲ ਹੋਣ ਹਿਤ!ਬਦਲਦੇ ਵਕਤ ਨਾਲ਼ ਹਰ ਬੰਦਾ ਬਦਲ ਜਾਂਦਾ ਹੈ ਜਾਂ ਕਹਿ ਲਵੋ ਕਿ ਵਕਤ ਬੰਦੇ ਨੂੰ ਬਦਲ ਦਿੰਦਾ ਹੈ।ਇੱਕ ਸਮਾਂ ਸੀ ਜਦੋਂ ਮੇਰੇ ਮਨ ਵਿੱਚ ਕਿਸੇ ਗੁਸਤਾਖ ਲਈ ਬਦਲੇ ਦੀ ਭਾਵਨਾ ਪੈਦਾ ਹੋ ਜਾਂਦੀ ਸੀ, ਪਰ ਹੁਣ ਮੇਰੇ ਮਨ ਨੇ ਮੁਆਫ਼ ਕਰਨਾ ਸਿੱਖ ਲਿਆ ਹੈ। ਕਿਸੇ ਦੇ ਇਹ ਸ਼ਬਦ ਮੈਨੂੰ ਬੜੇ ਚੰਗੇ ਲਗਦੇ ਹਨ Empathy is the seed of compassion and a form of knowing, It's an emotional resonance.। ਹਮਖ਼ਿਆਲੀ ਦੋਸਤਾਂ ਦਾ ਸਾਥ ਮੈਨੂੰ ਰੱਬ ਵਰਗਾ ਆਸਰਾ ਦਿੰਦਾ ਹੈ, ਸ਼ਾਇਦ ਮੇਰੀ ਸਿਰਜਣਾ ਵਿੱਚ ਵੀ ਮੇਰੀ ਸੋਚ ਦਾ ਝਲਕਾਰਾ ਪੈਂਦਾ ਹੋਵੇ!
ਦਰਵੇਸ਼-ਜਦੋਂ ਕਿਸੇ ਵੀ ਨਵੀਂ ਰਚਨਾ ਦਾ ਤਾਣਾ-ਬਾਣਾ ਤੁਹਾਡੇ ਮਨ ਅੰਦਰ ਫੁੱਟਦਾ ਹੈ, ਤਾਂ ਉਸਨੂੰ ਜਿਉਂਂਦੀ ਜਾਗਦੀ ਰਚਨਾਂ ਬਣਨ ਲਈ ਕਿੰਨਾ ਕੁ ਸਮਾਂ ਲੱਗਦਾ ਹੈ ?
ਗਿੱਲ-ਨਾਵਲ ਦੀ ਗੱਲ ਹੋਰ ਹੈ; ਕਵਿਤਾ, ਕਹਾਣੀ ਦੀ ਹੋਰ! ਵਿਧਾ ਅਨੁਸਾਰ ਹੀ ਉਸਦਾ ਸਮਾਂ ਨਿਰਧਾਰਿਤ ਕੀਤਾ ਜਾ ਸਕਦਾ ਹੈ ਜਿਵੇਂ ਅੱਜ ਕਲ੍ਹ ਮੈਂ ਵਧੇਰੇ ਗ਼ਜ਼ਲ ਵੱਲ ਰੁਚਿਤ ਹਾਂ। ਕਦੇ ਪੂਰੀ ਗ਼ਜ਼ਲ, ਕਦੇ ਅਧੂਰੀ ਲਿਖ ਕੇ ਰੱਖ ਦਿੰਦਾ ਹਾਂ। ਦੂਜੇ-ਚੌਥੈ ਦਿਨ ਫਿਰ ਪੜ੍ਹਦਾ ਹਾਂ, ਸੋਧਦਾ ਹਾਂ ਤੇ ਫਿਰ ਰੱਖ ਦਿੰਦਾ ਹਾਂ। ਇੰਜ ਦੋ-ਤਿੰਨ ਹਫਤੇ ਬਾਦ, ਜਦ ਅਤੇ ਜੇਕਰ ਤਸੱਲੀ ਹੋ ਜਾਵੇ, ਤਾਂ ਕੰਪਿਊਟਰ ਤੇ ਕਮੰਪੋਜ਼ ਕਰ ਲੈਂਦਾ ਹਾਂ, ਨਾਲ਼-ਨਾਲ਼ ਸੁਧਾਈ ਵੀ ਕਰਦਾ ਰਹਿੰਦਾ ਹਾਂ।
ਦਰਵੇਸ਼-ਆਪਣੀ ਕੋਈ ਵੀ ਰਚਨਾ ਤੁਸੀਂ ਕਿੰਨੀਆਂ ਕੁ ਬੈਠਕਾਂ ਵਿੱਚ ਪੂਰੀ ਕਰਦੇ ਹੋ?
ਗਿੱਲ-ਵੈਸੇ ਤਾਂ ਇਸਦਾ ਜੁਆਬ ਉਪਰਲੇ ਸਵਾਲ ਵਿੱਚ ਹੀ ਆ ਜਾਂਦਾ ਹੈ। ਫਿਰ ਵੀ ਦੋ-ਚਾਰ ਬੈਠਕਾਂ ਤਾਂ ਜ਼ਰੂਰੀ ਨੇ। ਕਈ ਵਾਰ ਵੱਧ ਵੀ, ਵਿੱਚ-ਵਿਚਾਲ਼ੇ ਰੇਕੀ, ਮੈਡੀਟੇਸ਼ਨ ਜਾਂ ਪ੍ਰਣਯਾਮ ਵਰਗੇ ਅਭਿਆਸਾਂ ਰਾਹੀਂ ਆਪਣੇ ਆਪ ਨੂੰ ਰੀਲੈਕਸ ਜਾਂ ਤਰੋਤਾਜ਼ਾ ਕਰਨ ਦਾ ਆਹਰ ਵੀ ਕਰਦਾ ਰਹਿੰਦਾ ਹਾਂ।
ਦਰਵੇਸ਼-ਕਿਸੇ ਵੀ ਰਚਨਾ ਦੀ ਸ਼ੁਰੂਆਤ ਅਤੇ ਅੰਤ ਕਰਨ ਲਗਿੱਆਂ, ਤੁਸੀਂ ਸ਼ੁਰੂਆਤ ਅਤੇ ਅੰਤ ਦਾ ਫੈਸਲਾ ਕਿਵੇਂ ਕਰਦੇ ਹੋ?
ਗਿੱਲ-ਸ਼ੁਰੂਆਤ ਵਰਤਮਾਨ ਜਾਂ ਭੂਤਕਾਲ ਦੀ ਜ਼ਮੀਨ ਵਿੱਚੋਂ ਤਸੱਵਰ ਕਰਦਿਆਂ ਅਤੇ ਅੰਤ, ਆਉਣ ਵਾਲੇ ਕਲ੍ਹ ਦੇ ਦਰਵਾਜ਼ੇ 'ਤੇ ਇੱਕ ਪ੍ਰਸ਼ਨ ਚਿੰਨ੍ਹ ਲਟਕਾਉਣ ਦੇ ਮੰਤਵ ਨਾਲ਼।
ਦਰਵੇਸ਼-ਕੋਈ ਵੀ ਰਚਨਾ ਲਿਖੇ ਜਾਣ ਅਤੇ ਬਾਰ-ਬਾਰ ਸੋਧੇ ਜਾਣ ਬਾਦ, ਕਿੰਨੇ ਕੁ ਸਮੇਂ ਅੰਦਰ ਪਾਠਕਾਂ ਪਾਠਕਾਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ?
ਗਿੱਲ-ਬੱਸ ਆਖਰੀ ਸੋਧ ਤੋਂ ਬਾਦ ਜਦੋਂ ਮੈਂ ਕੰਪਿਊਟਰ ਤੇ ਕੰਮਪੋਜ਼ ਕਰਕੇ, ਫਾਈਲ ਬਣਾ ਦਿੰਦਾ ਹਾਂ ਤਾਂ ਉਹ ਰਚਨਾ ਪਰਚਿਆਂ/ਪੁਸਤਕਾਂ ਵੱਲ ਸਫਰ ਕਰਦੀ ਹੋਈ, ਪਾਠਕਾਂ ਦਾ ਇੰਤਜ਼ਾਰ ਕਰਨ ਲਗਦੀ ਹੈ।
ਦਰਵੇਸ਼-ਇੱਕੋ ਸਮੇਂ ਕਿੰਨੀਆਂ ਲਿਖਤਾਂ ਉਪੱਰ ਕੰਮ ਕਰਦੇ ਹੋ?
ਗਿੱਲ-ਪਹਿਲਾਂ ਤਾਂ ਮੈਂ ਇਹ ਗੱਲ ਮੰਨ ਲਵਾਂ ਕਿ ਨਾਵਲ ਦੇ ਖੇਤਰ ਵਿੱਚ, ਮੈਂ ਆਪਣੀ ਦੇਣ ਸਿਫਰ ਵਰਗੀ ਹੀ ਸਮਝਦਾ ਹਾਂ। ਮੇਰੀਆਂ ਕਹਾਣੀਆਂ ਜੋ ਸਭ ਤੋਂ ਵੱਧ 'ਦੇਸ ਪਰਦੇਸ', 'ਜੱਗ-ਬਾਣੀ' ਅਤੇ 'ਅਕਸ' ਵਿੱਚ ਛਪੀਆਂ ਹਨ, ਗੌਰ ਕੀਤੀਆਂ ਗਈਆਂ ਹਨ। 'ਪ੍ਰੀਤ-ਲੜੀ' ਵਿੱਚ ਛਪੀਆਂ ਵੀ। ਆਮ ਕਰਕੇ ਮੈਂ ਕਹਾਣੀ, ਗ਼ਜ਼ਲ ਅਤੇ ਲੇਖ; ਇਨ੍ਹਾਂ ਤੇ ਹੀ ਕੰਮ ਕਰਦਾ ਹਾਂ। ਵੈਸੇ ਇੱਕੋ ਹੀ ਵਿਧਾ ਨਾਲ਼ ਜੁੜੇ ਰਹਿਣਾ ਅੱਛੀ ਗੱਲ ਹੈ, ਪਰ ਇਹ ਹਰ ਇੱਕ ਲਈ ਸੰਭਵ ਨਹੀਂ ਹੋ ਸਕਦਾ।
ਦਰਵੇਸ਼- ਨਵੀਂ ਰਚਨਾ ਪਾਠਕਾਂ ਤੱਕ ਪਹੁੰਚਣ ਤੋਂ ਪਹਿਲਾਂ ਉਸ ਵਿੱਚ ਵਾਰ ਵਾਰ ਤਬਦੀਲੀਆਂ ਕਰਦੇ ਹੋ ਜਾਂ ਨਹੀਂ?
ਗਿੱਲ-ਜਿੰਨਾਂ ਚਿਰ ਮੇਰੀ ਸੋਚ ਮੰਗ ਕਰਦੀ ਰਹਿੰਦੀ ਹੈ। ਤੇ ਜਿੰਨੀ ਦੇਰ ਕਿਸੇ ਦਾ ਮਸ਼ਵਰਾ ਦਿਲ ਨੂੰ ਟੁੰਭਦਾ ਰਹੇ। ਅਤੇ ਜਦੋਂ ਤੀਕ ਸਮੇਂ ਦੇ ਬਦਲ ਰਹੇ ਅਕਸ ਨੂੰ, ਮਨ ਦੇ ਕੈਨਵੈਸ ਉਪੱਰ ਚਿਤੱਰਣ ਦੀ ਰੀਝ ਬਣੀ ਰਹੇ। ਇੱਥੇ ਹੀ ਬੱਸ ਨਹੀਂ, ਮਨ ਵਿੱਚ ਸ਼ਬਦਾਂ ਦੇ ਨਾਲ਼-ਨਾਲ਼, ਅਰਥਾਂ ਦਾ ਰਾਬਤਾ ਅਤੇ ਖੂਬਸੂਰਤੀ ਵਿੱਚ ਵਾਧਾ ਕਰਨ ਦੀ ਉਮੰਗ, ਜਿੰਨਾ ਚਿਰ ਰਕਸ ਕਰਨੋ ਨਾ ਹਟੇ!
ਦਰਵੇਸ਼-ਤੁਹਾਡੀਆਂ ਉਹ ਕਿਹੜੀਆਂ ਰਚਨਾਵਾਂ ਨੇ ਜਿਹੜੀਆਂ ਅਖਬਾਰਾਂ, ਰਸਾਲਿਆਂ ਜਾਂ ਕਿਤਾਬੀ ਰੂਪ ਵਿੱਚ ਛਪਣ ਤੋਂ ਬਾਦ, ਅੱਜ ਵੀ ਕਿਸੇ ਤਬਦੀਲੀ ਦੀ ਮੰਗ ਕਰਦੀਆਂ ਨੇ? ਜਾਣੀ ਤੁਹਾਨੂੰ ਅਜੇ ਵੀ ਲਗਦਾ ਹੈ ਕਿ ਤੁਸੀਂ ਆਪਣੇ ਕਿਰਦਾਰ ਨਾਲ਼ ਇਨਸਾਫ ਨਹੀਂ ਕਰ ਸਕੇ?
ਗਿੱਲ-ਜਦੋਂ ਸਮਾਂ ਬਦਲਦਾ ਹੈ ਤਾਂ ਆਦਮੀ ਵੀ ਬਦਲ ਜਾਂਦਾ ਹੈ। ਭਾਵੇਂ ਬੰਦਾ ਬਾਹਰੋਂ ਤਾਂ ਉਹੀ ਨਜ਼ਰ ਆਉਂਦਾ ਹੈ ਪਰ ਹਾਲਾਤ, ਸਥਾਨ, ਵਕਤ ਅਤੇ ਸੰਗਤ ਬਦਲ ਜਾਣ ਕਰਕੇ, ਉਸ ਅੰਦਰਲਾ ਮਨੁੱਖ ਬਦਲ ਜਾਂਦਾ ਹੈ। ਮੈਂ ਨਾਵਲਾਂ ਨੂੰ ਬਹੁਤਾ ਵਿਸਥਾਰ ਨਹੀਂ ਦੇ ਸਕਿਆ, ਇਹ ਊਣਤਾਈ ਮੈਨੂੰ ਰੜਕਦੀ ਹੈ। ਬਹੁਤ ਸਾਰੀਆਂ ਕਹਾਣੀਆਂ ਤੋਂ ਮੈਂ ਸੰਤੁਸ਼ਟ ਹਾਂ ਪਰ ਕਈਆਂ ਤੋਂ ਨਹੀਂ। ਇਸ ਕਰਕੇ "life under one roof" ਵਿੱਚ ਮੈਂ ਉਹਨਾਂ ਦੀ ਸੋਧ ਕੀਤੀ ਹੈ, ਤੇ ਕਾਫੀ ਹੱਦ ਤੱਕ ਤੱਸਲੀ ਹੈ। ਮੇਰੇ ਪਹਿਲੇ ਦੋ-ਤਿੰਨ ਕਾਵਿ ਸੰਗ੍ਰਹਿ ਜੋ ਇੱਕ ਦੋਸਤ ਦੇ ਕਹਿਣ ਤੇ ਛਪਵਾਏ ਸਨ, ਬਿਲਕੁਲ ਕੱਚੇ ਨੇ। ਇਹ ਸੱਚਾਈ ਮੰਨਣ ਤੋਂ ਨਾ ਮੈਂ ਝਿਜਕਦਾ ਹਾਂ ਤੇ ਨਾ ਹੀ ਸ਼ਰਮਸਾਰ ਹਾਂ। ਮੇਰਾ ਛਪ ਰਿਹਾ ਗ਼ਜ਼ਲ-ਸੰਗ੍ਰਹਿ ਅੱਛਾ ਹੋਵੇਗਾ, ਕਾਸ਼ ਮੈਂ ਪਾਤਰ ਤੇ ਸ਼ਿਵ ਵਾਂਗ ਤਰੰਨਮ 'ਚ ਗ਼ਜ਼ਲ ਪੇਸ਼ ਕਰਨਯੋਗ ਹੁੰਦਾ! *ਅਕਸ ਅਤੇ ਆਈਨਾ* ਗ਼ਜ਼ਲ-ਸੰਗ੍ਰਹਿ ਨੂੰ ਸੁਹਿਰਦ ਪਾਠਕ ਜੀ ਆਇਆਂ ਆਖਣਗੇ, ਇਹ ਮੇਰਾ ਵਿਸ਼ਵਾਸ ਅਤੇ ਉਮੀਦ ਹੈ!
ਦਰਵੇਸ਼-ਆਪਣੀਆਂ ਰਚਨਾਵਾਂ ਬਾਰੇ ਪਾਠਕਾਂ ਦੀ ਰਾਏ ਨੂੰ ਕਿੰਨੀਂ ਕੁ ਅਹਿਮੀਅਤ ਦਿੰਦੇ ਹੋ?
ਗਿੱਲ-ਤਰਕ, ਵਿਧੀ ਅਤੇ ਸੇਧ ਨਾਲ਼ ਸੰਬੰਧਿਤ ਮਸ਼ਵਰੇ ਨੂੰ ਹਮੇਸ਼ਾਂ 'ਜੀ ਆਇਆਂ' ਆਖਦਾ ਹਾਂ। ਅਤੇ ਆਖਦਾ ਰਹਾਂਗਾ ਵੀ। ਜਿਹੜੀ ਨੁਕਤਾ-ਚੀਨੀ ਮੰਦ-ਭਾਵਨਾ ਦਾ ਸ਼ਿਕਾਰ ਜਾਪੇ, ਉਸ ਨੂੰ ਅਣਗੌਲ਼ਿਆਂ ਕਰ ਦਿੰਦਾ ਹਾਂ। ਪਰ ਉਮਰ ਦੇ ਹਰ ਪੜਾਅ ਤੇ ਨਿੱਤ ਨਵਾਂ ਸਿੱਖਦੇ ਰਹਿਣ ਦਾ ਅਭਿਲਾਸ਼ੀ ਹਾਂ।
ਦਰਵੇਸ਼-ਸਾਹਿਤ ਤੁਹਾਡੇ ਵਾਸਤੇ ਕੀ ਹੈ, ਇਸ਼ਕ ਜਾਂ ਸ਼ੀਸ਼ਾ?
ਗਿੱਲ-ਸਾਹਿਤ ਮੇਰੇ ਵਾਸਤੇ 'ਸ਼ੀਸ਼ਾ' ਇਸ ਕਰਕੇ ਹੈ ਕਿ ਇਸ ਵਿੱਚੋਂ ਜ਼ਿੰਦਗੀ ਦੇ ਬਦਲ ਰਹੇ ਅਕਸ ਨੂੰ ਦੇਖਿਆ ਜਾ ਸਕਦਾ ਹੈ। 'ਇਸ਼ਕ' ਇਸ ਸੰਦਰਭ ਵਿੱਚ ਆਖ ਸਕਦੇ ਹੋ ਕਿ ਅੱਛਾ ਸਾਹਿਤ ਪੜ੍ਹਦਿਆਂ, ਹਰਫਾਂ 'ਤੇ ਸ਼ੈਲੀ ਦੀ ਸੁੰਦਰਤਾ ਵਿੱਚੋਂ, ਲੇਖਕ ਦਾ ਸਿਰਜਣਾਤਮਿਕ ਅਕਸ ਵੀ ਦਿਸਣ ਲੱਗ ਪੈਂਦਾ ਹੈ। ਅਜੀਤ ਕੌਰ ਦੇ ਸਰਲ, ਚੁਸਤ ਅਤੇ ਨਿੱਕੇ-ਨਿੱਕੇ ਫਿਕਰੇ ਮੈਨੂੰ ਬਹੁਤ ਪਿਆਰੇ ਲਗਦੇ ਹੁੰਦੇ ਸਨ। ਪਰ ਇਹ ਜ਼ਰੂਰੀ ਨਹੀਂ ਕਿ ਹਰ ਖੂਬਸੂਰਤ ਰਚਨਾ ਦਾ ਲੇਖਕ, ਅੰਦਰੋਂ ਵੀ ਓਨਾ ਹੀ ਸੁੰਦਰ, ਪਾਰਦਰਸ਼ੀ, ਸੁਹਿਰਦ ਅਤੇ ਨਿਰਛਲ ਮਾਨਵ ਹੋਵੇ!ਬਹੁਤ ਸਾਰੇ ਲੇਖਕਾਂ, ਸੰਪਾਦਕਾਂ, ਅਭਿਨੇਤਾਵਾਂ/ਅਭਿਨੇਤਰੀਆਂ ਜਾਂ ਕਲਾਕਾਰਾਂ ਨੂੰ ਮਿਲਣ-ਜਾਨਣ ਬਾਦ, ਹੁਣ ਮੈਂ ਇਸ ਗੱਲ ਵੱਲ ਬਹੁਤਾ ਧਿਆਨ ਦੇਣਾ ਛੱਡ ਦਿੱਤਾ ਹੈ। ਪਰ ਫੇਰ ਵੀ ਕਿਸੇ ਨੂੰ ਨਫ਼ਰਤ ਦੀ ਨਜ਼ਰ ਨਾਲ਼ ਨਹੀਂ ਦੇਖਦਾ।
ਦਰਵੇਸ਼- ਕਿਹੜੀ ਰਚਨਾ ਸੀ ਜਿਸ ਨੂੰ ਪੜ੍ਹ ਕੇ ਤੁਹਾਨੂੰ ਮਨ ਅੰਦਰ ਸਭ ਤੋਂ ਵੱਧ ਖਲਬਲੀ ਮੱਚੀ ?
ਗਿੱਲ-ਦੇਸ਼ ਦੀ ਵੰਡ ਬਾਰੇ ਨਾਵਲ ਪੜ੍ਹ ਕੇ, ਚਾਹੇ ਉਹ ਖੁਸ਼ਵੰਤ ਸਿੰਘ ਦਾ ਸੀ ਜਾਂ ਅਮ੍ਰਿਤਾ ਜੀ ਦਾ; ਤੇ ਜਾਂ ਫਿਰ ਭੀਸ਼ਮ ਸਾਹਨੀ ਦਾ। ਜਿਸ ਪਿੰਡ ਨੂੰ ਪੁਰਖਿਆਂ ਦਾ ਪਿੰਡ ਸਮਝਕੇ, ਕੋਈ ਪ੍ਰਵਾਰ ਅਸੀਮ ਅਪਣੱਤ ਨਾਲ਼ ਜੀਉਂਦਾ ਹੈ, ਅਤੇ ਕਦੇ ਸੁਪਨਾ ਵੀ ਨਹੀਂ ਲੈ ਸਕਦਾ ਕਿ ਇੱਕ ਦਿਨ ਅਚਾਨਕ ਵਸਦੇ-ਰਸਦੇ ਪਿੰਡ ਵਿੱਚੋਂ, ਉਸ ਨੂੰ ਉਜੱੜ ਕੇ ਜਾਣਾ ਪਵੇਗਾ। ਕਿੱਥੇ? -ਉੱਥੇ, ਜਿਸ ਧਰਤੀ ਨਾਲ਼ ਉਸਦਾ ਦੂਰ ਦਾ ਵੀ ਵਾਸਤਾ ਨਹੀਂ ਸੀ। ਇਸ ਦੁੱਖ ਦਾ ਦਰਦ ਉਹੀ ਜਾਣਦੇ ਹਨ ਜਿਹਨਾਂ ਨਾਲ਼ ਵਾਪਰੀ ਹੈ।ਮੇਰੀ ਆਪਣੀ ਰਚਨਾ "an eye wittness" ਵੀ ਇਸੇ ਦੁਖਾਂਤ ਦਾ ਚਿਤੱਰਣ ਕਰਦੀ ਹੈ। ਸੁਆਰਥ ਚੰਗੇ-ਭਲੇ ਮਨੁੱਖਾਂ ਅੰਦਰ, ਰਾਤੋ-ਰਾਤ ਸ਼ੈਤਾਨ ਨੂੰ ਜਨਮ ਦੇ ਦੇਵੇਗਾ ਅਤੇ ਆਪਣੇ ਹੀ ਪਰਾਏ ਬਣ ਜਾਣਗੇ, ਕਦੇ ਕਿਸੇ ਦੀ ਸੋਚ ਦਾ ਹਿੱਸਾ ਹੀ ਨਹੀਂ ਸੀ ਬਣ ਸਕਦਾ! ਇਹ ਦਰਦ ਸਿਰਫ ਮਹਿਸੂਸਿਆਂ ਜਾ ਸਕਦਾ ਹੈ, ਸ਼ਬਦਾਂ ਰਾਹੀਂ ਸਮਝਾਇਆ ਨਹੀਂ ਜਾ ਸਕਦਾ।
ਦਰਵੇਸ਼- ਅੱਜ ਕਿੰਨੀ ਹੀ ਕਿਸਮ ਦੇ ਸਹਿਤਕ ਤਜੁਰਬੇ ਕੀਤੇ ਜੱ ਰਹੇ ਨੇ , ਤੁਹਾਡੀ ਨਜ਼ਰ ਵਿੱਚ ਕਿਹੋ ਜਿਹਾ ਸਾਹਿਤ ਲਿਖਿਆ ਜਾਣਾ ਚਾਹੀਦਾ ਹੈ?
ਗਿੱਲ-ਜਨ-ਸਧਾਰਣ ਦੇ ਜੀਵਨ ਨਾਲ਼ ਸੰਬੰਧਿਤ, ਉਹਨਾਂ ਦੇ ਦਿਸਦੇ ਅਤੇ ਅਣਦਿਸਦੇ ਮਸਲਿਆਂ ਨੂੰ ਕਲਾਮਈ ਢੰਗ ਨਾਲ਼ ਪੇਸ਼ ਕਰਦੀਆਂ ਕਿਰਤਾਂ। ਸਿੱਧੇ ਜਾਂ ਅਸਿੱਧੇ ਤਰੀਕਿਆਂ ਨਾਲ਼ ਉਹਨਾਂ ਦਾ ਵਰਗਲਾਏ ਜਾਣਾ, ਸ਼ੋਸ਼ਣ ਕਰਨਾ ਅਤੇ ਇਹਨਾਂ ਦੇ ਪਿੱਛੇ ਸੱਤਾਧਾਰੀਆਂ ਦੇ ਕੋਝੇ ਮਕਸਦ! ਆਮ ਜਨਤਾ ਨੂੰ ਜਾਗਰੂਕ ਕਰਨ ਹਿਤ, ਜਿੰਦਗੀ ਦੇ ਕੁਹਜ ਨੂੰ ਸੁਹਜ ਵਿੱਚ ਬਦਲ ਸਕਣ ਵਾਲੀਆਂ ਸਾਹਿਤਕ ਕਿਰਤਾਂ ਹੀ ਅਜੋਕੇ ਲੇਖਕ ਦਾ ਮਕਸਦ ਹੋਣਾ ਚਾਹੀਦਾ ਹੈ। ਨਰੋਈ ਪ੍ਰਵਾਰਿਕ ਅਤੇ ਭਾਈਚਾਰਿਕ ਸਾਂਝ ਹੀ ਕਿਸੇ ਸਮਾਜ ਜਾਂ ਕੌਮ ਦੀ ਏਕਤਾ ਨੂੰ ਮਜ਼ਬੂਤ ਕਰ ਸਕਦੀ ਹੈ। ਅੱਜ-ਕਲ੍ਹ ਟੈਲੀ-ਪਰਦਿਆਂ ਤੇ ਚਲ ਰਹੇ ਸੀਰੀਅਲ, ਸਭ ਘਰਾਂ ਨੂੰ ਜੋੜਨ ਦੀ ਬਜਾਏ ਤੋੜ ਹੀ ਰਹੇ ਹਨ। ਹੁਣ ਥੇਟਰ ਜਾਣ ਦੀ ਲੋੜ ਨਹੀਂ, ਘਰਾਂ ਅੰਦਰ ਹੀ ਨਾਟਕ-ਕਾਰ ਬਥੇਰੇ ਹਨ।ਜੇ ਸ਼ਇਰੀ ਦੀ ਗੱਲ ਕਰੀਏ ਤਾਂ ਇਹ ਬੁਝਾਰਤਾਂ ਦੇ ਜੰਗਲ ਵਰਗੀ ਨਹੀਂ ਹੋਣੀ ਚਾਹੀਦੀ, ਸਗੋਂ ਪਾਠਕ ਦੇ ਦਿਲ-ਦਿਮਾਗ ਨੂੰ ਰੌਸ਼ਨ ਕਰਨ ਵਾਲੀ ਹੋਣੀ ਚਾਹੀਦੀ ਹੈ। ਸਰਲ, ਖੂਬਸੂਰਤ, ਸੰਗੀਤਮਈ ਅਤੇ ਗਹਿਰ-ਗੰਭੀਰ ਸੁਰ ਵਾਲ਼ੀ।
ਦਰਵੇਸ਼-ਤੁਸੀਂ ਸਾਹਿਤ ਨੂੰ ਘਰ-ਘਰ ਪਹੁੰਚਾਉਣ ਅਤੇ ਪਾਠਕ ਪੈਦਾ ਕਰਨ ਲਈ ਕੀ ਜੁਗਤ ਘੜ ਸਕਦੇ ਹੋ?
ਗਿੱਲ-ਸਕੂਲਾਂ ਤੋਂ ਹੀ ਨਾਟਕ, ਸੰਗੀਤ ਅਤੇ ਗ਼ਜ਼ਲ ਵਰਗੀ ਵਿਧਾ ਪ੍ਰਤੀ, ਉਤਸ਼ਾਹ ਅਤੇ ਪ੍ਰੇਰਨਾ ਦੇਣ ਲਈ ਮੰਚ ਬਣਾਏ ਜਾਣ ਨਾਲ਼, ਇਸ ਨਾਲ਼ ਸੰਭਵ ਹੈ ਕਿ ਵਿਦਿਆਰਥੀਆਂ ਦੀ ਰੁਚੀ ਬਦਲ ਸਕੇ! ਟੈਲੀ ਤੇ 'ਸਾ-ਰੇ-ਗਾ-ਮਾ' ਵੇਖ-ਸੁਣ ਕੇ ਜੋ ਅਨੰਦ ਉਹ ਮਾਣਦੇ ਹਨ, ਹੋ ਸਕਦਾ ਇਹੋ ਜਿਹਾ ਅਨੰਦ ਉਹ ਸਕੂਲ-ਕਾਲਜ ਵਿੱਚ ਹੀ ਮਾਣ ਸਕਣ। ਇਹ ਕਲਾਤਮਿਤ ਅਤੇ ਸੰਗੀਤਮਈ ਵਾਤਾਵਰਣ ਹਰ ਮਨ ਨੂੰ ਪ੍ਰਭਾਵਤ ਕਰ ਸਕਦਾ ਹੈ। ਸਾਹਿਤ ਅਤੇ ਸੰਗੀਤ ਦਾ ਅਟੁੱਟ ਰਿਸ਼ਤਾ ਹੈ ਅਤੇ ਇਨ੍ਹਾਂ ਦੁਹਾਂ ਨੂੰ ਅਨੁਕੂਲ ਮੀਡੀਆ ਅਤੇ ਮਹੌਲ, ਪ੍ਰਭਾਵਸ਼ਾਲੀ ਅਤੇ ਸਥਾਈ ਢੰਗ ਨਾਲ਼ ਪ੍ਰਫੁਲੱਤ ਕਰ ਸਕਦੇ ਹਨ। ਭਾਰਤੀ ਇਤਿਹਾਸ ਅਤੇ ਮਿਥਿਹਾਸ ਇਸਦੀ ਗਵਾਹੀ ਭਰਦੇ ਹਨ।ਜਦੋਂ ਪਿੰਡਾਂ ਦੇ ਸਕੂਲਾਂ ਵਿੱਚ ਸਾਹਿਤ ਅਤੇ ਸੰਗੀਤ, ਇੱਕ ਦੂਜੇ ਦਾ ਹੱਥ ਫੜਕੇ, ਘਰਾਂ ਦੇ ਬੂਹਿਆਂ 'ਤੇ ਦਸਤਕ ਦੇਣ ਲਈ ਉਤਸੁਕ ਹੋ ਗਏ ਤਾਂ ਘਰਾਂ ਦੀਆਂ ਕੰਧਾਂ ਵੀ ਸਿਰਜਣਾ ਦੇ ਰਹਿਸ ਤੋਂ ਜਾਣੂ ਹੋ ਜਾਣਗੀਆਂ। ਫਿਰ ਦਰਵਾਜ਼ੇ ਦਸਤਕਾਂ ਬਿਨਾ ਹੀ ਖੁਲ੍ਹਣੇ ਸ਼ੁਰੂ ਹੋ ਜਾਣਗੇ।
ਦਰਵੇਸ਼-ਆਖਰੀ ਸੁਆਲ; ਲੇਖਕ, ਪਾਠਕ ਪਬਲਿਸ਼ਰ ਅਤੇ ਵਿਕਰੇਤਾ ਦਾ ਰਿਸ਼ਤਾ, ਵੱਧ ਤੋਂ ਵੱਧ ਪਾਠਕ ਪੈਦਾ ਕਰਨ ਵਾਸਤੇ ਕੀ ਭੂਮਿਕਾ ਨਿਭਾ ਸਕਦਾ ਹੈ?
ਗੁ. ਗਿੱਲ-ਲੇਖਕ ਦੀ ਪਹੁੰਚ ਤਾਂ ਆਮ ਕਰਕੇ ਸਿਰਜਣਾ ਤੱਕ ਹੀ ਸੀਮਤ ਹੋਕੇ ਰਹਿ ਜਾਂਦੀ ਹੈ। ਅਗਰ ਉਪਰੋਕਤ ਚੌਹਾਂ ਹੀ ਧਿਰਾਂ ਦਾ ਪ੍ਰਸਪਰ ਸਹਿਯੋਗ, ਮੰਤਵ, ਸੁਆਰਥ, ਸੁਹਜ, ਪ੍ਰੇਰਣਾ-ਸਰੋਤ ਅਤੇ ਕਲਾਤਮਿਕ ਸੁਆਦ, ਸਾਂਝਾ ਤੇ ਇੱਕ ਹੋ ਜਾਵੇ ਤਾਂ ਬੜੇ ਸਾਰਥਿਕ ਸਿੱਟੇ ਨਿਕਲ ਸਕਦੇ ਹਨ। ਇਸ ਦੀ ਪੂਰਤੀ ਲਈ, ਪਾਠਕ ਦੀ ਰੂਹਾਨੀ, ਰਾਜਨੀਤਕ, ਵਿਦਿਅਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਿਕ ਮਾਨਸਿਕਤਾ ਨੂੰ ਪਹਿਲ ਦੇਣੀ ਪਵੇਗੀ! ਲੇਖਕ ਨੂੰ ਲਿਖਣ ਵੇਲੇ ਆਪਣੇ ਪਾਠਕ ਨੂੰ ਹੀ ਮੱਦੇ-ਨਜ਼ਰ ਰੱਖਣਾ ਪੈਂਦਾ ਹੈ। ਹੋ ਸਕਦਾ ਇੱਕ ਕਮਰਸ਼ੀਅਲ ਲੇਖਕ, ਹੋਰ ਵੀ ਕਈ ਜੁਗਾੜਾਂ ਦਾ ਧਿਆਨ ਰੱਖਣ ਦਾ ਆਦੀ ਹੋਵੇ! ਜੇ ਇਹ ਸਾਰੀ ਲੜੀ ਈਮਾਨਦਾਰੀ, ਸੱਚਾਈ, ਸੁਹਿਰਦਤਾ ਅਤੇ ਸਹਿਯੋਗ ਨਾਲ਼ ਚਲ ਸਕੇ ਤਾਂ ਨਿਰਸੰਦੇਹ, ਸੋਨੇ 'ਤੇ ਸੁਹਾਗੇ ਵਾਲ਼ੀ ਗੱਲ ਹੋ ਸਕਦੀ ਹੈ। *********