Saturday, July 30, 2011

(ਇਨ ਕੌਫ਼ੀ ਕਲੱਬ)-ਤਨਦੀਪ ਤਮੰਨਾਂ-ਦਰਸ਼ਨ ਦਰਵੇਸ਼


ਤਨਦੀਪ - ਤੁਹਾਡੇ ਕਿਰਦਾਰ 'ਚ ਸਭ ਤੋਂ ਵਧੀਆ ਖ਼ੂਬੀ ਕੀ ਹੈ
ਦਰਵੇਸ਼ - ਅੱਖਾਂ ਬੰਦ ਕਰਕੇ ਹਰ ਨਵੇਂ ਚਿਹਰੇ ਉੱਪਰ ਵਿਸ਼ਵਾਸ ਕਰ ਲੈਣਾ। ਹਰ ਵੇਲ਼ੇ ਗੁਰਬਾਣੀ ਦੀ ਛੱਤ ਮਹਿਸੂਸ ਕਰਨਾ।ਨਾਮ ਤੋਂ ਵੱਧ ਕਿਰਤ ਨੂੰ ਪਹਿਲ ਦੇਣੀ।
......
ਤਨਦੀਪ - ਉਹ ਇੱਕ ਨਾਮ ਜਿਹੜਾ ਤੁਹਾਨੂੰ ਕਦੇ ਨਹੀਂ ਭੁੱਲਿਆ
ਦਰਵੇਸ਼ - ਮੈਂ ਉਸਨੂੰ ਕਦੇ ਨਾਮ ਲੈ ਕੇ ਨਹੀਂ ਸੀ ਬੁਲਾਇਆ, ਹਮੇਸ਼ਾ ਆਪਣੇ ਦਿੱਤੇ ਨਾਮ 'ਸਿਰਲੇਖ' ਨਾਲ ਹੀ ਪੁਕਾਰਦਾ ਸੀ।
........
ਤਨਦੀਪ - ਮੌਕਾ ਮਿਲ਼ੇ ਤਾਂ ਤੁਸੀਂ ਪੰਜਾਬੀ ਪ੍ਰਕਾਸ਼ਕਾਂ ਅਤੇ ਪੰਜਾਬੀ ਫਿਲਮ ਨਿਰਮਾਤਾਵਾਂ 'ਚੋਂ ਕੀਹਦੇ 'ਤੇ ਨਜ਼ਲਾ ਝਾੜੋਂਗੇ
ਦਰਵੇਸ਼ - ਇਹ ਮੌਕਾ ਤਾਂ ਮਿਲ਼ਦਾ ਹੀ ਰਹਿੰਦਾ ਹੈ। ਮੈਂ ਇਹਨਾਂ ਦੇ ਹਾਲ ਉੱਪਰ ਹੱਸਦਾ ਵੀ ਹਾਂ, ਮਾਯੂਸ ਵੀ ਹੁੰਦਾ ਹਾਂ। ਦੋਨੋਂ ਹੀ ਮੇਰੇ ਸੱਜੇ ਖੱਬੇ ਰਹਿੰਦੇ ਨੇ। ਦੋਨੋਂ ਹੀ ਤਕਰੀਬਨ ਸਿਰਫ਼ ਵਪਾਰੀ ਨੇ। ਦੋਨਾਂ ਕੋਲ਼ ਹੀ ਸਮਾਜ ਦੇ ਕੋਹਜ ਨੂੰ ਵੇਖਣ ਵਾਲੀ ਅੱਖ ਨਹੀਂ। ਦੋਨਾਂ ਬਾਰੇ ਹੀ ਬਿਨਾਂ ਰੁਕਿਆਂ ਬੜਾ ਕੁਝ ਲਿਖਿਆ, ਬੋਲਿਆ ਜਾ ਸਕਦਾ ਹੈ।
.........
ਤਨਦੀਪ - ਉਹ ਸ਼ਖ਼ਸ ਜਿਹਨਾਂ ਨੂੰ ਮਿਲ਼ਣ ਦੀ ਤੁਹਾਨੂੰ ਹਰ ਵਕਤ ਤਾਂਘ ਰਹਿੰਦੀ ਹੈ
ਦਰਵੇਸ਼ - ਮੇਰਾ ਪਿੰਡ, ਮਾਂ-ਬਾਪ, ਗੁਰੂਦੇਵ ਮਨਮੋਹਨ ਸਿੰਘ, ਤਨਦੀਪ ਤਮੰਨਾ ਅਤੇ ਸਿਮਰਪਾਲ ਸੰਧੂ।
.........
ਤਨਦੀਪ - ਜ਼ਿੰਦਗੀ 'ਚ ਕਿੰਨੀ ਵਾਰ ਮੁਹੱਬਤ ਕੀਤੀ ਹੈ
ਦਰਵੇਸ਼ - ਸਿਰਫ਼ ਇੱਕ ਵਾਰ ਅਤੇ ਅਨੇਕਾਂ ਵਾਰ ਕਰ ਰਿਹਾ ਹਾਂ, ਕਰਦਾ ਰਹਾਂਗਾ ਆਪਣੇ ਅਮਰ ਹੋਣ ਤੱਕ ਵੀ।
..........
ਤਨਦੀਪ - ਉਹ ਕਿਹੜਾ ਖਾਣਾ, ਜਿਸਨੂੰ ਤੁਸੀਂ ਖਾਣੇ ਦੇ ਮੇਜ਼ 'ਤੇ ਕਦੇ ਵੀ ਵੇਖਣਾ ਨਹੀਂ ਚਾਹੁੰਦੇ
ਦਰਵੇਸ਼ - ਜਿਸ ਅੰਦਰੋਂ ਮਨ ਦੀ ਮਹਿਕ ਨਾ ਆਉਂਦੀ ਹੋਵੇ।
..........
ਤਨਦੀਪ - ਤੁਹਾਨੂੰ ਤੁਹਾਡੇ ਦੋਸਤਾਂ ਦੀ ਕਿਹੜੀ ਗੱਲ ਜ਼ਿਆਦਾ ਚੰਗੀ ਲੱਗਦੀ ਹੈ
ਦਰਵੇਸ਼ - ਕੋਈ ਵੀ ਗੱਲ ਨਹੀਂ। ਕਿਉਂਕਿ ਕਿਸੇ ਕੋਲ਼ ਵੀ ਦੋਸਤੀ ਨੂੰ ਪਰਖਣ ਵਾਸਤੇ ਸਮਾਂ ਹੀ ਨਹੀਂ ਰਿਹਾ। ਜੀਤ ਚਚੋਹਰ ਦੇ ਲਿਖਣ ਵਾਂਗ-'ਮਿੰਟਾਂ ਸਕਿੰਟਾਂ 'ਚ ਟੁੱਟ ਜਾਂਦੀ ਯਾਰੀ ਅੱਜ ਕੱਲ੍ਹ ਤਾਂ ਜੁਆਕਾਂ ਵਾਂਗੂੰ ਯਾਰਾਂ ਦੀ'।
............
ਤਨਦੀਪ - ਲੋਕ-ਗਾਥਾਵਾਂ/ਕਿੱਸਿਆਂ ਵਿਚ ਤੁਹਾਡਾ ਚਹੇਤੇ ਨਾਇਕ/ਨਾਇਕਾ ਕੌਣ ਹਨ
ਦਰਵੇਸ਼ - ਮਿਰਜ਼ਾ , ਸੋਹਣੀ ਅਤੇ ਇੰਦਰ-ਬੇਗੋ।
..........
ਤਨਦੀਪ - ਉਹ ਗੀਤ ਜੋ ਤੁਸੀਂ ਅਕਸਰ ਗੁਣਗੁਣਾਉਣਾ ਪਸੰਦ ਕਰਦੇ ਹੋ
ਦਰਵੇਸ਼ - ਵੈਸੇ ਤਾਂ ਕਈ ਨੇ ਜਿਹੜੇ ਅਕਸਰ ਮੇਰੇ ਬੁੱਲ੍ਹਾਂ ਤੇ ਲਰਜ਼ਦੇ ਰਹਿੰਦੇ ਨੇ ਪਰ ਇੱਕ ਗੀਤ ਸਦਾ ਰਈ ਚੇਤਿਆਂ ਵਿਚ ਖੁਣਿਆ ਗਿਆ ਹੈ, ਜਿਹੜਾ 1984 ਨਾਲ ਸਬੰਧਿਤ ਸੀ-'ਵੇ ਨਿੱਕਿਆ ਤੇਰਾ ਜੂੜਾ ਕਰਦੀ। ਕਦੇ ਮੈਂ ਜਿਊਂਦੀ ਕਦੇ ਮੈਂ ਮਰਦੀ'। ਹੁਣ ਮੈਂ ਇਸਨੂੰ 1947 ਨਾਲ਼ ਵੀ ਜੋੜ ਲੈਂਦਾ ਹੈ ਜਾਂ ਉਹੋ ਜਿਹੀ ਕਿਸੇ ਵੀ ਕਾਲ਼ੀ ਹਵਾ ਵਾਲ਼ੇ ਦੌਰ ਨਾਲ਼।
...........
ਤਨਦੀਪ - ਸ਼ਾਇਰ ਦਰਵੇਸ਼ ਨੂੰ ਸਭ ਤੋਂ ਵੱਧ ਕੌਣ ਜਾਣਦੈ...
ਦਰਵੇਸ਼ - ਮੇਰੀ ਸ਼ਾਇਰੀ, ਮੇਰੇ ਗੀਤ, ਮੇਰੀ ਲਾਇਬਰੇਰੀ ਦੀਆਂ ਫਿਲਮਾਂ ਅਤੇ ਕਿਤਾਬਾਂ, ਅਤੇ ਕਿਸੇ ਪਹਾੜੀ ਉਪਰਲਾ ਉਹ ਘਰ, ਜਿਹੜਾ ਮੇਰੇ ਮਨ ਅੰਦਰ ਉੱਸਰਿਆ ਹੋਇਆ ਹੈ।

No comments: